ਅਹਿਮਦਾਬਾਦ, 12 ਮਾਰਚ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨੇ ਅੱਜ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਦੇਸ਼ ਵਿੱਚ ਸੰਵਿਧਾਨ ਅਤੇ ਧਾਰਮਿਕ ਆਜ਼ਾਦੀ ਦੀ ਆੜ ਹੇਠ ਧਾਰਮਿਕ ਕੱਟੜਤਾ ਅਤੇ ਫਿਰਕਾਪ੍ਰਸਤੀ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰਿਪੋਰਟ ਵਿੱਚ ਖਾਸ ਭਾਈਚਾਰੇ ਵੱਲੋਂ ਆਪਣੇ ‘ਮੰਦਭਾਵਨਾ’ ਵਾਲੇ ਏਜੰਡੇ ਨੂੰ ਅੱਗੇ ਵਧਾਉਣ ਲਈ ਸਰਕਾਰੀ ਤੰਤਰ ਵਿੱਚ ਦਾਖਲ ਹੋਣ ਦੀਆਂ ‘ਯੋਜਨਾਵਾਂ’ ਖ਼ਿਲਾਫ਼ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਅੰਦਰ ਵੰਡਪਾਊ ਤਾਕਤਾਂ ’ਚ ਵਾਧੇ ਦੀ ਚੁਣੌਤੀ ਵੀ ਖ਼ਤਰਨਾਕ ਹੈ। ਰਿਪੋਰਟ ਮੁਤਾਬਕ , ‘‘ਜਿਵੇਂ-ਜਿਵੇਂ ਜਨਗਣਨਾ ਨੇੜੇ ਆ ਰਹੀ ਹੈ, ਇੱਕ ਗਰੁੱਪ ਵੱਲੋਂ ਅਜਿਹੇ ਪ੍ਰਚਾਰ ਕਿ ‘ਉਹ ਹਿੰਦੂ ਨਹੀਂ ਹਨ’ ਦੀਆਂ ਉਕਸਾਵੇ ਵਾਲੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।’’ ਅਹਿਮਦਾਬਾਦ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ‘ਪ੍ਰਤੀਨਿਧ ਸਭਾ’ ਨੇ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਤਿੰਨ ਦਿਨਾਂ ਸਾਲਾਨਾ ਮੀਟਿੰਗ ਦੌਰਾਨ ਪੇਸ਼ ਰਿਪੋਰਟ ਵਿੱਚ ਕਿਹਾ, ‘‘ਹਿੰਦੂ ਸਮਾਜ ਵਿੱਚ ਹੀ ਵੱਖ-ਵੱਖ ਵੰਡ ਪਾਊ ਪ੍ਰਵਿਰਤੀਆਂ ਫੈਲਾਅ ਕੇ ਸਮਾਜ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।’’
ਧਾਰਮਿਕ ਕੱਟੜਤਾ ਨੂੰ ਇੱਕ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਇਸ ਵਿੱਚ ਹਿਜਾਬ ਵਿਵਾਦ ਦੌਰਾਨ ਕਰਨਾਟਕ ਅਤੇ ਕੇਰਲਾ ਵਿੱਚ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਦੀਆਂ ਹੋਈਆਂ ਮੌਤਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਰਿਪੋਰਟ ਵਿੱਚ ਪੱਛਮੀ ਬੰਗਾਲ ਵਿੱਚ ਚੋਣਾਂ ਮਗਰੋਂ ਹਿੰਸਾਂ ਅਤੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਦੀ ਘਟਨਾ ’ਤੇ ਵੀ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਕਿਹਾ ਗਿਆ, ‘‘ਦੇਸ਼ ਵਿੱਚ ਵਧ ਰਹੀ ਧਾਰਮਿਕ ਕੱਟੜਤਾ ਨੇ ਕਈ ਹਿੱਸਿਆਂ ਵਿੱਚ ਆਪਣਾ ਸਿਰ ਚੁੱਕ ਲਿਆ ਹੈ।’’ -ਪੀਟੀਆਈ