ਹੈਦਰਾਬਾਦ, 17 ਸਤੰਬਰ
ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਦੋਸ਼ ਲਗਾਇਆ ਕਿ ਦੇਸ਼ ਅਤੇ ਉਨ੍ਹਾਂ ਦੇ ਸੂਬੇ ਵਿੱਚ ਫਿਰਕੂ ਤਾਕਤਾਂ ਸਮਾਜ ਨੂੰ ਵੰਡਣ ਅਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਰਾਓ ਨੇ ਇੱਥੇ ‘ਤਿਲੰਗਾਨਾ ਕੌਮੀ ਏਕਤਾ ਦਿਵਸ’ ਮੌਕੇ ਕੌਮੀ ਝੰਡਾ ਲਹਿਰਾਉਣ ਮਗਰੋਂ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਧਾਰਮਿਕ ਕੱਟੜਤਾ ਵਧਦੀ ਹੈ ਤਾਂ ਇਹ ਦੇਸ਼ ਨੂੰ ਨਸ਼ਟ ਕਰ ਦੇਵੇਗੀ ਅਤੇ ਇਸ ਦੇ ਨਤੀਜੇ ਵਜੋਂ ਮਨੁੱਖੀ ਸਬੰਧਾਂ ਵਿੱਚ ਨਿਘਾਰ ਆਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਕੱਟੜਤਾ ਸਿਖਰ ’ਤੇ ਹੈ। ਉਨ੍ਹਾਂ ਕਿਹਾ, ‘‘ਉਹ ਆਪਣੇ ਸੌੜੇ ਹਿੱਤਾਂ ਲਈ ਸਮਾਜਿਕ ਸਬੰਧਾਂ ਵਿੱਚ ਕੰਡੇ ਬੀਜਦੇ ਹਨ। ਉਹ ਆਪਣੀ ਜ਼ਹਿਰੀਲੀ ਟਿੱਪਣੀਆਂ ਨਾਲ ਲੋਕਾਂ ਵਿੱਚ ਨਫ਼ਰਤ ਫੈਲਾ ਰਹੇ ਹਨ।’’ ਸ੍ਰੀ ਰਾਓ ਦੀ ਇਹ ਟਿੱਪਣੀ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਹੈਦਰਾਬਾਦ ਦੇ ਪਰੇਡ ਗਰਾਊਂਡ ਵਿੱਚ ‘ਹੈਦਰਾਬਾਦ ਮੁਕਤੀ ਦਿਵਸ’ ਮੌਕੇ ਇਕ ਪ੍ਰੋਗਰਾਮ ਕੀਤੇ ਜਾਣ ਤੋਂ ਬਾਅਦ ਆਈ। -ਪੀਟੀਆਈ