ਨਵੀਂ ਦਿੱਲੀ: ਸਰਕਾਰ ਵੱਲੋਂ ‘ਰਾਜਪਥ’ ਦਾ ਨਾਂ ਬਦਲ ਕੇ ‘ਕਰਤਵਯਪਥ’ ਕਰਨ ਮਗਰੋਂ ਇੱਥੇ ਇੰਡੀਆ ਗੇਟ ਨੇੜੇ ਲੱਗੇ ਸੂਚਨਾ ਬੋਰਡਾਂ ਤੋਂ ‘ਰਾਜਪਥ’ ਦਾ ਨਾਂ ਮਿਟਾ ਦਿੱਤਾ ਗਿਆ ਹੈ। ਇਹ ਕਦਮ ਹਾਲ ਹੀ ਵਿੱਚ 7 ਸਤੰਬਰ ਨੂੰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਇਤਿਹਾਸਕ ਸੜਕ ਦੇ ਨਾਮਕਰਨ ਨੂੰ ਮਨਜ਼ੂਰੀ ਦੇਣ ਸਬੰਧੀ ਜਾਰੀ ਹੋਏ ਨੋਟਿਸ ਮਗਰੋਂ ਚੁੱਕਿਆ ਗਿਆ ਹੈ। ਇੰਡੀਆ ਗੇਟ ਨੇੜੇ ਸਟੀਲ ਦੇ ਬਣੇ ਦਿਸ਼ਾ ਸੂੁਚਕ ਬੋਰਡਾਂ ’ਤੇ ਹਰਾ ਰੰਗ ਕਰਕੇ ਉੱਪਰ ਚਿੱਟੇ ਅੱਖਰਾਂ ਵਿੱਚ ਪਹਿਲਾਂ ਹਿੰਦੀ, ਫਿਰ ਅੰਗਰੇਜ਼ੀ ਅਤੇ ਇਸ ਤੋਂ ਥੱਲੇ ਪੰਜਾਬੀ ਵਿੱਚ ‘ਕਰਤਯ ਪਥ’ ਲਿਖਿਆ ਗਿਆ ਹੈ। ਪਿਛਲੀ ਰਾਤ ਦਿਸ਼ਾ ਸੂਚਕ ਬੋਰਡਾਂ ’ਤੇ ਦੋ ਸੜਕਾਂ ਨਾਵਾਂ ਸ਼ੇਰ ਸ਼ਾਹ ਸੂਰੀ ਮਾਰਗ ਅਤੇ ਡਾ. ਜ਼ਾਕਿਰ ਹੁਸੈਨ ਮਾਰਗ ਤੋਂ ਉਪਰਲੇ ਹਿੱਸੇ ਵਿੱਚ ਲਿਖੇ ‘ਰਾਜਪਥ’ ਨੂੰ ਖੁਰਚ ਕੇ ਮਿਟਾ ਦਿੱਤਾ ਗਿਆ ਸੀ। ਨਵੀਂ ਦਿੱਲੀ ਦੀ ਮਿਉਂਸਿਪਲ ਕੌਂਸਲ ਦੇ ਸੂਤਰਾਂ ਨੇ ਦੱਸਿਆ ਕਿ ਨਾਮਕਰਨ ਦੀ ਮਨਜ਼ੂਰੀ ਮਿਲਣ ਮਗਰੋਂ ਕੰਮ ਕਰ ਰਹੇ ਅਧਿਕਾਰੀਆਂ ਨੇ ‘ਰਾਜਪਥ’ ਵਾਲੇ ਪੁਰਾਣੇ ਦਿਸ਼ਾ ਸੂਚਕ ਬੋਰਡ ਉੱਥੋਂ ਹਟਾ ਦਿੱਤੇ ਹਨ ਅਤੇ ਇਨ੍ਹਾਂ ਦੀ ਥਾਂ ‘ਕਰਤਵਯ ਪਥ’ ਵਾਲੇ ਨਵੇਂ ਬੋਰਡ ਲਗਾਏ ਜਾਣਗੇ। -ਪੀਟੀਆਈ