ਨਵੀਂ ਦਿੱਲੀ, 13 ਜੁਲਾਈ
ਸਰਕਾਰ ਨਾਲ ਰਜਿਸਟਰਡ ਸੈਂਕੜੇ ਗੈਰ-ਸਰਕਾਰੀ ਸੰਸਥਾਵਾਂ (ਐੱਨਜੀਓ’ਜ਼) ਨਾਲ ਸਬੰਧਤ ਕੁਝ ਡੇਟਾ ਫੌਰੇਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ। ਇਸ ਵੈੱਬਸਾਈਟ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਚਲਾਉਂਦਾ ਹੈ। ਮੰਤਰਾਲੇ ਦੇ ਤਰਜਮਾਨ ਨੇ ਐੱਨਜੀਓ ਨਾਲ ਜੁੜਿਆ ਡੇਟਾ ਹਟਾਉਣ ਦੀ ਭਾਵੇਂ ਕੋਈ ਵਜ੍ਹਾ ਨਹੀਂ ਦੱਸੀ, ਪਰ ਅਧਿਕਾਰੀਆਂ ਨੇ ਕਿਹਾ ਕਿ ਇਕ ਕਦਮ ਚੁੱਕਿਆ ਗਿਆ ਕਿਉਂਕਿ ਸੂਚਨਾ ਨੂੰ ਜਨਤਕ ਤੌਰ ’ਤੇ ਨਸ਼ਰ ਕਰਨ ਦੀ ਕੋਈ ਲੋੜ ਨਹੀਂ ਸੀ। ਐੱਫਸੀਆਰਏ ਵੈੱਬਸਾਈਟ ਨੂੰ ਚਲਾਉਣ ਤੇ ਸਾਂਭ-ਸੰਭਾਲ ਦਾ ਜ਼ਿੰਮਾ ਗ੍ਰਹਿ ਮੰਤਰਾਲੇ ਦੀ ਫੌਰੇਨਰਜ਼ ਡਿਵੀਜ਼ਨ ਕੋਲ ਹੈ।
ਗ੍ਰਹਿ ਮੰਤਰਾਲੇ ਕੋਲ ਐੱਨਜੀਓ ਨੂੰ ਦਿੱਤੇ ਲਾਇਸੈਂਸਾਂ, ਵਿਦੇਸ਼ੀ ਫੰਡ ਹਾਸਲ ਕਰਨ ਲਈ ਦਿੱਤੀ ਗਈ ਅਗਾਊਂ ਪ੍ਰਵਾਨਗੀ ਅਤੇ ਜਿਨ੍ਹਾਂ ਐੱਨਜੀਓ’ਜ਼ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਬਾਰੇ ਪਹਿਲਾਂ ਤਫ਼ਸੀਲੀ ਡੇਟਾ ਸੀ। ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਐੱਨਜੀਓ’ਜ਼ ਦੇ ਲਾਇਸੈਂਸਾਂ ਦੀ ਮਿਆਦ ਮੁੱਕਣ ਵਾਲੀ ਹੈ ਤੇ ਐੱਨਜੀਓ’ਜ਼ ਦੀਆਂ ਸਾਲਾਨਾ ਰਿਟਰਨਾਂ ਬਾਰੇ ਜਾਣਕਾਰੀ ਵੀ ਵੈੱਬਸਾਈਟ ’ਤੇ ਉਪਲਬਧ ਹੈ। ਹਾਲਾਂਕਿ ਵੈੱਬਸਾਈਟ ਕੋਲ ਹੁਣ ਇਨ੍ਹਾਂ ਅੰਕੜਿਆਂ ਬਾਰੇ ਮੁਕੰਮਲ ਡੇਟਾ ਹੈ। ਵੱਖੋ-ਵੱਖਰੀਆਂ ਸ਼੍ਰੇਣੀਆਂ ਵਿੱਚ ਐੱਨਜੀਓ ਦੀ ਪਛਾਣ ਕਰਦੀ ਸੂਚੀ ਨੂੰ ਹਟਾਉਣ ਤੋਂ ਇਲਾਵਾ ਐੱਨਜੀਓ’ਜ਼ ਦੀਆਂ ਸਾਲਾਨਾ ਰਿਟਰਨਾਂ ਤੱਕ ਰਸਾਈ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਵਿਦੇਸ਼ ਤੋਂ ਮਿਲਦੇ ਫੰਡਾਂ ਬਾਰੇ ਗੈਰ-ਸਰਕਾਰੀ ਸੰਸਥਾਵਾਂ ਦੇ ਖਾਤਿਆਂ ਦੀ ਤਿਮਾਹੀ ਤਫ਼ਸੀਲ ਵੀ ਵੈੱਬਸਾਈਟ ਤੋਂ ਹਟਾ ਦਿੱਤੀ ਗਈ ਹੈ। ਸੂਤਰਾਂ ਦਾ ਦਾਅਵਾ ਹੈ ਕਿ ਅਜਿਹਾ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਐੱਫਸੀਆਰਏ ਨੇਮਾਂ ਵਿੱਚ ਕੀਤੇ ਫੇਰਬਦਲ ਮੁਤਾਬਕ ਕੀਤਾ ਗਿਆ।
ਨੇਮਾਂ ’ਚ ਤਬਦੀਲੀ ਬਾਰੇ 1 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਹੋਇਆ
ਮੰਤਰਾਲੇ ਨੇ 1 ਜੁਲਾਈ ਨੂੰ ਐੱਫਸੀਆਰਏ ਨੇਮਾਂ ਵਿੱਚ ਲੜੀਵਾਰ ਤਬਦੀਲੀਆਂ ਬਾਰੇ ਨੋਟੀਫਾਈ ਕੀਤਾ ਸੀ ਤਾਂ ਕਿ ਐੱਨਜੀਓ’ਜ਼ ’ਤੇ ਨੇਮਾਂ ਦੀ ਪਾਲਣਾ ਸਬੰਧੀ ਬੋਝ ਨੂੰ ਘਟਾਇਆ ਜਾ ਸਕੇ। ਇਸ ਵਿੱਚ ਨੇਮ 13 ਵਿੱਚ ਕੀਤਾ ਫੇਰਬਦਲ ਵੀ ਸ਼ਾਮਲ ਹੈ, ਜੋ ‘ਵਿਦੇਸ਼ੀ ਕੰਟਰੀਬਿਊਸ਼ਨ ਬਾਰੇ ਰਸੀਦ ਨੂੰ ਜਨਤਕ ਕਰਨ’ ਨਾਲ ਸਬੰਧਤ ਹੈ। ਇਸ ਖ਼ਤਮ ਕੀਤੀ ਕਲਾਜ਼ ਮੁਤਾਬਕ- ‘‘ਇਕ ਵਿਅਕਤੀ ਜੋ ਵਿੱਤੀ ਸਾਲ ਦੀ ਤਿਮਾਹੀ ਦੌਰਾਨ ਵਿਦੇਸ਼ ਤੋਂ ਫੰਡ ਹਾਸਲ ਕਰਦਾ ਹੈ, ਨੂੰ ਤਿਮਾਹੀ ਦੇ ਆਖਰੀ ਦਿਨ ਤੋਂ ਅਗਲੇ 15 ਦਿਨਾਂ ਅੰਦਰ ਆਪਣੀ ਅਧਿਕਾਰਤ ਵੈੱਬਸਾਈਟ ਜਾਂ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਵੈੱਬਸਾਈਟ ’ਤੇ ਪੂਰੀ ਤਫ਼ਸੀਲ ਨਸ਼ਰ ਕਰਨੀ ਹੋਵੇਗੀ। ਵਿਅਕਤੀ ਵਿਸ਼ੇਸ਼ ਨੂੰ ਦਾਨੀ ਸੱਜਣ ਦੇ ਵੇਰਵੇ, ਪ੍ਰਾਪਤ ਹੋਈ ਰਾਸ਼ੀ ਤੇ ਰਸੀਦ ਦੀ ਤਰੀਕ ਦੀ ਤਫ਼ਸੀਲ ਵੀ ਦੇਣੀ ਪਏਗੀ।’’ -ਪੀਟੀਆਈ