ਮੁੰਬਈ, 9 ਅਗਸਤ
ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਵੱਲੋਂ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਦਾ ਨਾਮ ਬਦਲ ਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਲੋਕਾਂ ਦੀਆਂ ਇੱਛਾਵਾਂ ’ਤੇ ਆਧਾਰਿਤ ਨਹੀਂ ਹੈ ਸਗੋਂ ਇਹ ਸਿਆਸੀ ਖੇਡ ਹੈ। ਸ਼ਿਵ ਸੈਨਾ ਦੇ ਰਸਾਲੇ ‘ਸਾਮਨਾ’ ’ਚ ਪ੍ਰਕਾਸ਼ਿਤ ਸੰਪਾਦਕੀ ’ਚ ਸਵਾਲ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ ਲਈ ਅਜਿਹਾ ਕੀ ਯੋਗਦਾਨ ਦਿੱਤਾ ਕਿ ਅਹਿਮਦਾਬਾਦ ’ਚ ਸਟੇਡੀਅਮ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਲਿਖਿਆ ਹੈ,‘‘ਰਾਜੀਵ ਗਾਂਧੀ ਦੇ ਬਲਿਦਾਨ ਦਾ ਅਪਮਾਨ ਕੀਤੇ ਬਿਨਾਂ ਮੇਜਰ ਧਿਆਨਚੰਦ ਦਾ ਸਨਮਾਨ ਕੀਤਾ ਜਾ ਸਕਦਾ ਸੀ। ਪਰ ਮੁਲਕ ’ਚ ਅਜਿਹੀ ਰਵਾਇਤ ਅਤੇ ਸੱਭਿਆਚਾਰ ਖ਼ਤਮ ਹੋ ਗਿਆ ਹੈ। ਇਸ ਫ਼ੈਸਲੇ ਨਾਲ ਧਿਆਨਚੰਦ ਜੰਨਤ ’ਚ ਵੀ ਨਿਰਾਸ਼ ਤੇ ਉਦਾਸ ਹੋ ਗਏ ਹੋਣਗੇ।’’ ਸੰਪਾਦਕੀ ਮੁਤਾਬਕ ਮੋਦੀ ਸਰਕਾਰ ਵੱਲੋਂ ਪੁਰਸਕਾਰ ਦਾ ਨਾਮ ਬਦਲਣ ਦਾ ਇਹ ਅਰਥ ਨਹੀਂ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਧਿਆਨਚੰਦ ਨੂੰ ਵਿਸਾਰ ਦਿੱਤਾ ਸੀ। ‘ਰਾਜੀਵ ਗਾਂਧੀ ਦਾ ਨਾਮ ਹਟਾਉਣਾ ਸਿਆਸੀ ਨਫ਼ਰਤ ਦੀ ਨਿਸ਼ਾਨੀ ਹੈ।’ ਮਰਾਠੀ ਅਖ਼ਬਾਰ ਨੇ ਕਿਹਾ ਹੈ ਕਿ ਕੁਝ ਭਾਜਪਾ ਆਗੂਆਂ ਵੱਲੋਂ ਰਾਜੀਵ ਗਾਂਧੀ ਦੇ ਕਦੇ ਹਾਕੀ ਫੜਨ ਬਾਰੇ ਪੁੱਛਿਆ ਗਿਆ ਸਵਾਲ ਜਾਇਜ਼ ਹੈ। ‘ਲੋਕ ਤਾਂ ਇਹ ਵੀ ਸਵਾਲ ਕਰ ਰਹੇ ਹਨ ਕਿ ਨਰਿੰਦਰ ਮੋਦੀ ਨੇ ਕ੍ਰਿਕਟ ਲਈ ਕੀ ਕੀਤਾ ਹੈ ਕਿਉਂਕਿ ਅਹਿਮਦਾਬਾਦ ’ਚ ਸਟੇਡੀਅਮ ਦਾ ਨਾਮ ਸਰਦਾਰ ਪਟੇਲ ਤੋਂ ਬਦਲ ਕੇ ਉਨ੍ਹਾਂ ਦੇ ਨਾਮ ’ਤੇ ਰੱਖ ਦਿੱਤਾ ਗਿਆ ਹੈ।’ ਇਹੋ ਪੈਮਾਨਾ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ ਕਿਉਂਕਿ ਉਸ ਦਾ ਨਾਮ ਵੀ ਮਰਹੂਮ ਭਾਜਪਾ ਆਗੂ ਅਰੁਣ ਜੇਤਲੀ ’ਤੇ ਰੱਖਿਆ ਗਿਆ ਹੈ। ਸੰਪਾਦਕੀ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਰਕਾਰ ਓਲੰਪਿਕ ਖੇਡਾਂ ’ਚ ਭਾਰਤ ਦੇ ਪ੍ਰਦਰਸ਼ਨ ਦਾ ਭਾਵੇਂ ਜਸ਼ਨ ਮਨਾ ਰਹੀ ਹੈ ਪਰ ਉਸ ਨੇ ਖੇਡਾਂ ਦਾ ਬਜਟ 300 ਕਰੋੜ ਰੁਪਏ ਤੱਕ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਰਸ਼ਾਂ ਦੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗਮਾ ਜਿੱਤਣ ਦਾ ਸਿਹਰਾ ਉੜੀਸਾ ਸਰਕਾਰ ਨੂੰ ਵੀ ਜਾਂਦਾ ਹੈ ਕਿਉਂਕਿ ਉਨ੍ਹਾਂ ਟੀਮ ਨੂੰ ਸਪਾਂਸਰ ਕੀਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜਦੋਂ ਖਸਾਬਾ ਜਾਧਵ ਨੇ ਮੁਲਕ ਲਈ ਪਹਿਲਾ ਵਿਅਕਤੀਗਤ ਓਲੰਪਿਕ ਮੈਡਲ (ਕਾਂਸੀ) ਜਿੱਤਿਆ ਸੀ ਤਾਂ ਉਸ ਸਮੇਂ ਕਿਸੇ ਨੇ ਉਨ੍ਹਾਂ ਦੇ ਨਾਮ ’ਤੇ ਖੇਲ ਰਤਨ ਪੁਰਸਕਾਰ ਸਥਾਪਤ ਕਰਨ ਬਾਰੇ ਕਿਉਂ ਨਹੀਂ ਵਿਚਾਰ ਕੀਤਾ ਸੀ। -ਪੀਟੀਆਈ