ਪਣਜੀ, 21 ਦਸੰਬਰ
ਕੇਂਦਰੀ ਮੰਤਰੀ ਰਮਦਾਸ ਅਠਾਵਲੇ ਨੇ ਅੱਜ ਕਿਹਾ ਕਿ ਜੇਕਰ ਕੇਂਦਰ ਸਰਕਾਰ ਪ੍ਰਦਰਸ਼ਨਾਂ ਅੱਗੇ ਝੁਕ ਕੇ ਸੰਸਦ ਵਿੱਚ ਪਾਸੇ ਕੀਤੇ ਕਾਨੂੰਨਾਂ ਨੂੰ ਵਾਪਸ ਲੈਣਾ ਸ਼ੁਰੂ ਕਰ ਦੇਵੇ ਤਾਂ ਸੰਸਦੀ ਲੋਕਤੰਤਰ ਅਤੇ ਸੰਵਿਧਾਨ ‘ਖ਼ਤਰੇ ਵਿੱਚ ਪੈ ਜਾਵੇਗਾ।’
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਠਾਵਲੇ, ਜਿਨ੍ਹਾਂ ਦੀ ਰਿਪਬਲਿਕਨ ਪਾਰਟੀ ਆਫ ਇੰਡੀਆ (ਏ) ਐੱਨਡੀਏ ਦਾ ਹਿੱਸਾ ਹੈ, ਨੇ ਇਹ ਭਰੋਸਾ ਵੀ ਪ੍ਰਗਟਾਇਆ ਕਿ ਪੱਛਮੀ ਬੰਗਾਲ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 200 ਤੋਂ ਵੱਧ ਸੀਟਾਂ ਜਿੱਤੇਗੀ ਅਤੇ ਸੂਬੇ ਵਿੱਚ ਅਗਲੀ ਸਰਕਾਰ ਬਣਾਏਗੀ। ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਅਠਾਵਲੇ ਨੇ ਕਿਹਾ ਕਿ ਇਹ ਮੰਗ ‘ਗੈਰਕਾਨੂੰਨੀ’ ਹੈ। ਉਨ੍ਹਾਂ ਕਿਹਾ, ‘‘ਸੰਸਦ ਵਿੱਚ ਇਹ ਕਾਨੂੰਨ ਬਹੁਮਤ ਨਾਲ ਪਾਸ ਹੋਏ ਹਨ। ਜੇਕਰ ਇਨ੍ਹਾਂ ਕਾਨੂੰਨਾਂ ਨੂੰ ਪ੍ਰਦਰਸ਼ਨਾਂ ਕਰਕੇ ਵਾਪਸ ਲਿਆ ਜਾਂਦਾ ਹੈ, ਤਾਂ ਇਹ ਸਦਨ ਵਿੱਚ ਪਾਸ ਹੋਏ ਹਰੇਕ ਕਾਨੂੰਨ ਲਈ ਉਦਾਹਰਣ ਬਣੇਗਾ, ਜੋ ਕਿ ਸਾਰੇ ਸੰਵਿਧਾਨ ਅਤੇ ਸੰਸਦੀ ਲੋਕਤੰਤਰ ਨੂੰ ਖ਼ਤਰੇ ਵਿੱਚ ਪਾ ਦੇਵੇਗਾ।’’ ਅਠਾਵਲੇ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਸੁਝਾਇਆ ਸਮਝੌਤੇ ਦਾ ਫਾਰਮੂਲਾ ਮੰਨ ਲੈਣਾ ਚਾਹੀਦਾ ਹੈ। -ਪੀਟੀਆਈ