ਨਵੀਂ ਦਿੱਲੀ/ਆਗਰਾ, 4 ਮਾਰਚ
ਬੰਬ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਤਾਜ ਮਹਿਲ ਨੂੰ ਸੈਲਾਨੀਆਂ ਤੋਂ ਖਾਲੀ ਕਰਵਾ ਕੇ ਬੰਦ ਕਰ ਦਿੱਤਾ ਗਿਆ। ਹਾਲਾਂਕਿ ਜਾਂਚ ਦੌਰਾਨ ਤਾਜ ਮਹਿਲ ’ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਬੰਬ ਹੋਣ ਦੀ ਸੂਚਨਾ ਅਫ਼ਵਾਹ ਸਾਬਤ ਹੋਈ। ਆਗਰਾ ਦੇ ਪੁਲੀਸ ਇੰਚਾਰਜ (ਸ਼ਹਿਰੀ) ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ ਜਾਂਚ ਮੁਹਿੰਮ ਪੂਰੀ ਹੋਣ ਮਗਰੋਂ ਤਾਜ ਮਹਿਲ ਨੂੰ ਕਰੀਬ 11.23 ਵਜੇ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਇੱਕ ਨੌਜਵਾਨ ਨੂੰ ਫੜਿਆ ਗਿਆ ਹੈ ਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਯੂਪੀ ਪੁਲੀਸ ਨੂੰ ਇੱਕ ਅਣਜਾਣ ਵਿਅਕਤੀ ਨੇ ਸਵੇਰੇ ਨੌਂ ਵਜੇ ਦੇ ਕਰੀਬ ਫੋਨ ’ਤੇ ਦੱਸਿਆ ਕਿ ਤਾਜ ਮਹਿਲ ’ਚ ਬੰਬ ਹੈ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਸੀਆਈਐੱਸਐੱਫ ਦੇ ਮੁਲਾਜ਼ਮਾਂ ਨੂੰ ਇਸ ਦੀ ਜਾਣਕਾਰੀ ਦੇ ਸੈਲਾਨੀਆਂ ਨੂੰ ਤਾਜ ਮਹਿਲ ਤੋਂ ਬਾਹਰ ਕੱਢ ਕੇ ਤਾਲਾਸ਼ੀ ਮੁਹਿੰਮ ਸ਼ੁਰੂ ਕੀਤੀ ਪਰ ਇਸ ਦੌਰਾਨ ਇੱਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਿਸੇ ਨੇ ਫਰਜ਼ੀ ਸੂਚਨਾ ਦਿੱਤੀ ਸੀ। -ਪੀਟੀਆਈ