ਨਵੀਂ ਦਿੱਲੀ, 14 ਸਤੰਬਰ
ਮਿਆਂਮਾਰ ਵਿੱਚਲੇ ਭਾਰਤੀ ਦੂਤਾਵਾਸ ਨੇ ਥਾਈਲੈਂਡ ਵਿੱਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਰੋਹ ਦਾ ਸ਼ਿਕਾਰ ਬਣੇ 60 ਭਾਰਤੀਆਂ ਵਿਚੋਂ 30 ਨੂੰ ਬਚਾਅ ਲਿਆ ਹੈ। ਇਹ ਸਾਰੇ ਮਿਆਵਾਡੀ ਖੇਤਰ ਵਿੱਚ ਫਸੇ ਹੋਏ ਸਨ। ਥਾਈਲੈਂਡ ਦੀ ਸਰਹੱਦ ਨਾਲ ਲੱਗਦੇ ਦੱਖਣ-ਪੂਰਬੀ ਮਿਆਂਮਾਰ ਦੇ ਕਾਇਨ ਰਾਜ ਵਿੱਚਲਾ ਮਿਆਵਾਡੀ ਖੇਤਰ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਕੰਟਰੋਲ ਹੇਠ ਨਹੀਂ ਹੈ ਤੇ ਕੁਝ ਨਸਲੀ ਹਥਿਆਰਬੰਦ ਸਮੂਹਾਂ ਦਾ ਇਸ ਖਿੱਤੇ ਉੱਤੇ ਕਬਜ਼ਾ ਹੈ। ਲੋਕਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਗਰੋਹ ਵੱਲੋਂ ਧੋਖਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਥਾਈਲੈਂਡ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ, ਪਰ ਗੈਰ-ਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਮਿਆਂਮਾਰ ਲਿਜਾਇਆ ਗਿਆ ਸੀ। ਇੱਕ ਵਿਅਕਤੀ ਨੇ ਕਿਹਾ ਕਿ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 60 ਤੋਂ ਵੱਧ ਭਾਰਤੀ ਨਾਗਰਿਕਾਂ ਠੱਗੀ ਦਾ ਸ਼ਿਕਾਰ ਹੋਏ ਹਨ ਤੇ ਉਹ ਕਥਿਤ ਤੌਰ ‘ਤੇ ਮਿਆਵਾਡੀ ਖੇਤਰ ਵਿੱਚ ਹਨ, ਜੋ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੈ। -ਏਜੰਸੀ