ਨਵੀਂ ਦਿੱਲੀ, 6 ਅਗਸਤ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਵੀਰਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਸਿਵਲ ਸੇਵਾਵਾਂ ਪ੍ਰੀਖਿਆ 2019 ’ਚ ਚੁਣੇ ਗਏ 829 ਉਮੀਦਵਾਰਾਂ ਤੋਂ ਇਲਾਵਾ ਰਾਖਵੇਂ ਉਮੀਦਵਾਰਾਂ ਦੀ ਸੂਚੀ ਵੀ ਤਿਆਰ ਕੀਤੀ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਰਿਪੋਰਟਾਂ ’ਚ ਕਿਹਾ ਗਿਆ ਕਿ ਸਰਕਾਰ ਨੇ ਟੈਸਟ ਰਾਹੀਂ ਘੱਟ ਗਿਣਤੀ ਉਮੀਦਵਾਰਾਂ ਦੀ ਚੋਣ ਕੀਤੀ ਹੈ ਜਦਕਿ ਸਰਕਾਰ ਨੇ 927 ਅਸਾਮੀਆਂ ਦੀ ਭਰਤੀ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਜੇਕਰ ਚੁਣੇ ਗਏ ਉਮੀਦਵਾਰਾਂ ਨੂੰ ਤਰਜੀਹ ਵਾਲਾ ਅਹੁਦਾ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਦੀ ਕਮੀ ਨੂੰ ਦੂਰ ਕਰਨ ਲਈ ਰਾਖਵੀਂ ਸੂਚੀ ’ਚ ਢੁਕਵੇਂ ਉਮੀਦਵਾਰ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਸਿਵਲ ਸੇਵਾਵਾਂ ਪ੍ਰੀਖਿਆ ਨੇਮਾਂ ਤਹਿਤ ਜਦੋਂ ਤੱਕ ਤਰਜੀਹ ਵਾਲਾ ਅਮਲ ਮੁਕੰਮਲ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਰਾਖਵੀਂ ਸੂਚੀ ਨੂੰ ਗੁਪਤ ਹੀ ਰੱਖਿਆ ਜਾਂਦਾ ਹੈ। -ਪੀਟੀਆਈ