ਕੋਲਕਾਤਾ, 3 ਅਗਸਤ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਓ ਸਣੇ ਨੌਂ ਜਣਿਆਂ ਨੂੰ ਕੈਬਨਿਟ ਵਿੱਚ ਥਾਂ ਦਿੱਤੀ। ਇਨ੍ਹਾਂ ਵਿੱਚੋਂ ਪੰਜ ਨੇ ਕੈਬਨਿਟ ਮੰਤਰੀ, ਦੋ ਨੇ ਰਾਜ ਮੰਤਰੀ ਅਤੇ ਦੋ ਹੋਰਨਾਂ ਨੇ ਆਜ਼ਾਦਾਨਾ ਚਾਰਜ ਬਾਰੇ ਰਾਜ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਲਾ ਗਣੇਸ਼ਨ ਨੇ ਉਨ੍ਹਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਉਨ੍ਹਾਂ ਦੇ ਮਹਿਕਮਿਆਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਟੀਐੱਮਸੀ ਨੇ ਪਿਛਲੇ ਸਾਲ ਲਗਾਤਾਰ ਤੀਜੀ ਵਾਰ ਸੂਬੇ ਵਿੱਚ ਸਰਕਾਰ ਬਣਾਈ ਸੀ, ਪਰ ਇਹ ਪਹਿਲਾ ਮੌਕਾ ਹੈ, ਜਦੋਂ ਕੈਬਨਿਟ ਵੱਡਾ ਫੇਰਬਦਲ ਕੀਤਾ ਗਿਆ ਹੈ। ਈਡੀ ਵੱਲੋਂ ਸਾਬਕਾ ਮੰਤਰੀ ਪਾਰਥਾ ਚੈਟਰਜੀ ਨੂੰ ਸਕੂਲ ਭਰਤੀ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਟੀਐੱਮਸੀ ਲਈ ਵੱਡਾ ਸੰਕਟ ਖੜ੍ਹਾ ਹੋ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਜਲਦੀ ਹੀ ਚਾਰ-ਪੰਜ ਨਵੇਂ ਚਿਹਰਿਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨਗੇ। -ਪੀਟੀਆਈ