ਨਵੀਂ ਦਿੱਲੀ, 14 ਜੁਲਾਈ
ਭਾਰਤ ਨੇ ਯੂਰਪੀਅਨ ਯੂਨੀਅਨ ਸੰਸਦ ਵਿੱਚ ਮਨੀਪੁਰ ਦੇ ਹਾਲਾਤ ਬਾਰੇ ਪਾਸ ਮਤੇ ਨੂੰ ਬਸਤੀਵਾਦੀ ਸੋਚ ਦੀ ਝਲਕ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਜਿਹੀ ਦਖ਼ਲਅੰਦਾਜ਼ੀ ਬਰਦਾਸ਼ਤਯੋਗ ਨਹੀਂ ਹੈ। ਸ੍ਰੀ ਬਾਗਚੀ ਨੇ ਕਿਹਾ, ‘‘ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਅਜਿਹੀ ਦਖ਼ਲਅੰਦਾਜ਼ੀ ਬਰਦਾਸ਼ਤਯੋਗ ਨਹੀਂ ਹੈ ਅਤੇ ਇਹ ਤੋਂ ਬਸਤੀਵਾਦੀ ਸੋਚ ਝਲਕਦੀ ਹੈ।’’
ਯੂਰਪੀਅਨ ਸੰਸਦ ਨੇ ਵੀਰਵਾਰ ਨੂੰ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਸਬੰਧੀ ਇਕ ਮਤਾ ਪਾਸ ਕੀਤਾ ਸੀ, ਜਿਸ ਵਿੱਚ ਖ਼ਾਸ ਤੌਰ ’ਤੇ ਮਨੀਪੁਰ ’ਚ ਹਾਲ ਹੀ ਵਿੱਚ ਹੋਏ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਸੀ। ਫਰਾਂਸ ਦੇ ਸਟਰਾਸਬਰਗ ਵਿੱਚ ਹੋਈ ਇਸ ਸੰਸਦ ਵਿੱਚ ਭਾਰਤੀ ਅਧਿਕਾਰੀਆਂ ਨੂੰ ਨਸਲੀ ਤੇ ਧਾਰਮਿਕ ਹਿੰਸਾ ਨੂੰ ਰੋਕਣ ਲਈ ਕਦਮ ਉਠਾਉਣ ਅਤੇ ਸਾਰੀਆਂ ਧਾਰਮਿਕ ਘੱਟ-ਗਿਣਤੀਆਂ ਦੀ ਰੱਖਿਆ ਕਰਨ ਲਈ ਕਿਹਾ ਗਿਆ ਹੈ।’’ ਇਸ ਪ੍ਰਸਤਾਵ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਾਗਚੀ ਨੇ ਯੂਰਪੀਅਨ ਯੂਨੀਅਨ ਨੂੰ ਸਮੇਂ ਦੀ ਸਹੀ ਵਰਤੋਂ ਆਪਣੇ ਅੰਦਰੂਨੀ ਮਸਲਿਆਂ ’ਤੇ ਕਰਨ ਦੀ ਸਲਾਹ ਦਿੱਤੀ। -ਪੀਟੀਆਈ