ਮੁੰਬਈ, 7 ਜੂਨ
ਮੁੰਬਈ ’ਚ ਦੋ ਮਹੀਨਿਆਂ ਮਗਰੋਂ ਰੈਸਤਰਾਂ, ਜਿਮ, ਜਨਤਕ ਮੈਦਾਨ ਤੇ ਹੋਰ ਵਪਾਰਕ ਅਦਾਰੇ ਅੱਜ ਦੁਬਾਰਾ ਖੁੱਲ੍ਹ ਗਏ, ਜੋ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਕਰੋਨਾ ਲਾਗ ਦੀ ਰੋਕਥਾਮ ਦੇ ਮੱਦੇਨਜ਼ਰ ਕੀਤੀ ਗਈ 5 ਪੱਧਰੀ ਤਾਲਾਬੰਦੀ ਦੇ ਲੈਵਲ-3 ’ਚ ਆਉਂਦੇ ਸਨ।
ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਟਵੀਟ ਕਰਦਿਆਂ ਲੋਕਾਂ ਨੂੰ ਚੌਕਸੀ ਅਤੇ ਕਰੋਨਾ ਲਾਗ ਤੋਂ ਬਚਾਅ ਲਈ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਬੀਐੱਮਸੀ ਵੱਲੋਂ ਪਾਬੰਦੀਆਂ ’ਚ ਰਾਹਤ ਦੇਣ ਲਈ ਐਤਵਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੀਐੱਮਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਮੁਤਾਬਕ ਮੁੰਬਈ ’ਚ ਜ਼ਰੂਰੀ ਵਸਤੂਆਂ ਵਾਲੀਆਂ ਹਫ਼ਤੇ ਦੇ ਸੱਤ ਦਿਨ ਜਦਕਿ ਗ਼ੈਰ-ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਹਫ਼ਤੇ ’ਚ ਸਿਰਫ ਚਾਰ ਦਿਨ ਸ਼ਾਮ 4 ਵਜੇ ਤੱਕ ਖੁੱਲ੍ਹ ਸਕਣਗੀਆਂ। ਪਹਿਲਾਂ ਇਹ ਦੁਕਾਨਾਂ ਬਾਅਦ ਦੁਪਹਿਰ ਦੋ ਵਜੇ ਤੱਕ ਖੁੱਲ੍ਹਦੀਆਂ ਸਨ। ਸੱਜਰੇ ਹੁਕਮਾਂ ਮੁਤਾਬਕ ਮਾਲ, ਮਲਟੀਪਲੈਕਸ ਅਤੇ ਥੀਏਟਰ ਫਿਲਹਾਲ ਬੰਦ ਰਹਿਣਗੇ। ਰੈਸਤਰਾਂ ਨੂੰ ਅੱਧੀ ਸਮਰੱਥਾ ਨਾਲ ਸ਼ਾਮ ਚਾਰ ਵਜੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਹ ਵੀ ਕਿਹਾ ਗਿਆ ਵਿਆਹ ਸਮਾਗਮ ’ਚ ਸਿਰਫ 50 ਜਦਕਿ ਸੋਗ ਸਮਾਗਮ ’ਚ ਸਿਰਫ 20 ਜਣੇ ਸ਼ਾਮਲ ਹੋ ਸਕਣਗੇ। -ਪੀਟੀਆਈ