ਨਵੀਂ ਦਿੱਲੀ, 15 ਜੁਲਾਈ
ਭਾਰਤੀ ਫੌਜ ਨੇ ਕਰੀਬ 15 ਘੰਟੇ ਘੰਟੇ ਚੱਲੀ ਬੈਠਕ ਦੌਰਾਨ ਚੀਨੀ ਫੌਜ ਨੂੰ ‘ਸਪੱਸ਼ਟ’ ਸੁਨੇਹਾ ਦਿੱਤਾ ਹੈ ਕਿ ਪੂਰਬੀ ਲੱਦਾਖ ਵਿੱਚ ਪਹਿਲਾਂ ਵਾਲੀ ਸਥਿਤੀ ਲਾਜ਼ਮੀ ਤੌਰ ’ਤੇ ਬਹਾਲ ਕੀਤੀ ਜਾਵੇ। ਸਰਕਾਰੀ ਸੂਤਰਾਂ ਅਨੁਸਾਰ ਭਾਰਤ ਨੇ ਚੀਨ ਨੂੰ ਕਿਹਾ ਕਿ ਊਸ ਨੂੰ ਅਸਲ ਕੰਟਰੋਲ ਰੇਖਾ ਦੁਆਲੇ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਲਈ ਸਰਹੱਦੀ ਪ੍ਰਬੰਧਨ ਸਬੰਧੀ ਆਪਸੀ ਸਹਿਮਤੀ ਵਾਲੇ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।
ਸੂਤਰਾਂ ਅਨੁਸਾਰ ਦੋਵਾਂ ਫੌਜਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਤੀਬਰ ਅਤੇ ਗੁੰਝਲਦਾਰ ਗੱਲਬਾਤ ਬੁੱਧਵਾਰ ਸਵੇਰੇ 2 ਵਜੇ ਖ਼ਤਮ ਹੋਈ। ਭਾਰਤੀ ਵਫ਼ਦ ਨੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨੂੰ ‘ਲਾਲ ਲਕੀਰਾਂ’ ਬਾਰੇ ਜਾਣੂ ਕਰਵਾਇਆ ਅਤੇ ਆਖਿਆ ਕਿ ਖੇਤਰ ਵਿੱਚ ਪੂਰੀ ਸਥਿਤੀ ਵਿਚ ਸੁਧਾਰ ਲਿਆਊਣ ਦਾ ਜ਼ਿਆਦਾਤਰ ਜ਼ਿੰਮਾ ਚੀਨ ਸਿਰ ਹੈ। ਸੂਤਰਾਂ ਅਨੁਸਾਰ ਦੋਵਾਂ ਧਿਰਾਂ ਨੇ ਅਗਲੇ ਗੇੜ ਤਹਿਤ ਫੌਜਾਂ ਪਿੱਛੇ ਹਟਾਊਣ ਸਬੰਧੀ ਕੁਝ ਵਿਧੀਆਂ ’ਤੇ ਸਹਿਮਤੀ ਜਤਾਈ। ਦੋਵਾਂ ਧਿਰਾਂ ਵਲੋਂ ਆਪੋ-ਆਪਣੇ ਸਿਖਰਲੇ ਅਧਿਕਾਰੀਆਂ ਨਾਲ ਸਹਿਮਤੀ ਬਾਰੇ ਚਰਚਾ ਕਰਨ ਮਗਰੋਂ ਆਪਸ ਵਿੱਚ ਮੁੜ ਗੱਲਬਾਤ ਕੀਤੇ ਜਾਣ ਦੀ ਸੰਭਾਵਨਾ ਹੈ। ਚੌਥੇ ਗੇੜ ਦੀ ਲੈਫਟੀਨੈਂਟ ਜਨਰਲ- ਪੱਧਰੀ ਗੱਲਬਾਤ ਮੰਗਲਵਾਰ ਸਵੇਰੇ 11 ਵਜੇ ਅਸਲ ਕੰਟਰੋਲ ਰੇਖਾ ਦੇ ਭਾਰਤ ਵਾਲੇ ਪਾਸੇ ਚੁਸ਼ੁਲ ਵਿੱਚ ਸ਼ੁਰੂ ਹੋਈ ਸੀ। ਇਸ ਗੱਲਬਾਤ ਬਾਰੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਵਫ਼ਦ ਦੀ ਅਗਵਾਈ ਲੇਹ ਦੀ 14 ਕੋਰ ਦੇ ਕਮਾਂਡਰ ਲੈਫਟੀ. ਜਨਰਲ ਹਰਿੰਦਰ ਸਿੰਘ ਅਤੇ ਚੀਨੀ ਵਫ਼ਦ ਦੀ ਅਗਵਾਈ ਦੱਖਣੀ ਸ਼ਿਨਜਿਆਂਗ ਫੌਜੀ ਖੇਤਰ ਦੇ ਕਮਾਂਡਰ ਮੇਜਰ ਜਨਰਲ ਲੂਈ ਲਿਨ ਕਰ ਰਹੇ ਸਨ। ਫੌਜ ਮੁਖੀ ਜਨਰਲ ਐੱਮਐੱਮ ਨਰਵਾਣੇ ਨੂੰ ਗੱਲਬਾਤ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ, ਜਿਸ ਮਗਰੋਂ ਊਨ੍ਹਾਂ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਚਰਚਾ ਕੀਤੀ। ਊਨ੍ਹਾਂ ਵਲੋਂ ਅੱਜ ਬਾਅਦ ਦੁਪਹਿਰ ਕਈ ਹੋਰ ਸੀਨੀਅਰ ਫੌਜੀ ਅਧਿਕਾਰੀਆਂ ਨਾਲ ਬੈਠਕ ਕੀਤੀ ਜਾਣੀ ਹੈ। ਬੀਤੀ 5 ਮਈ ਤੋਂ ਸ਼ੁਰੂ ਹੋਏ ਤਣਾਅ ਮਗਰੋਂ ਦੋਵਾਂ ਫੌਜਾਂ ਵਿਚਾਲੇ ਹੋਈ ਇਹ ਸਭ ਤੋਂ ਲੰਬੀ ਗੱਲਬਾਤ ਹੈ। ਤੀਜੇ ਗੇੜ ਦੀ ਗੱਲਬਾਤ 30 ਜੂਨ ਨੂੰ 12 ਘੰਟੇ ਚੱਲੀ ਸੀ। ਇਸ ਗੇੜ ਵਿੱਚ ਦੋਵਾਂ ਧਿਰਾਂ ਨੇ ‘ਤਰਜੀਹੀ’ ਤੌਰ ’ਤੇ ‘ਜਲਦੀ, ਪੜਾਅਵਾਰ ਅਤੇ ਕਦਮਵਾਰ’ ਢੰਗ ਨਾਲ ਤਣਾਅ ਘਟਾਊਣ ’ਤੇ ਸਹਿਮਤੀ ਪ੍ਰਗਟਾਈ। ਸੂਤਰਾਂ ਅਨੁਸਾਰ ਤਾਜ਼ਾ ਗੇੜ ਦਾ ਮੁੱਖ ਮਕਸਦ ਤਣਾਅ ਵਾਲੇ ਸਥਾਨਾਂ ਜਿਵੇਂ ਪੈਗੌਂਗ ਝੀਲ ਅਤੇ ਦੇਪਸਾਂਗ ਵਿੱਚੋਂ ਫੌਜਾਂ ਹਟਾਊਣ ਦੀ ਕਾਰਵਾਈ ਨੂੰ ‘ਸਮਾਂ-ਬੱਧ ਅਤੇ ਤਸਦੀਕਸ਼ੁਦਾ’ ਢੰਗ ਨਾਲ ਅੰਤਿਮ ਰੂਪ ਦੇਣਾ ਅਤੇ ਅਸਲ ਕੰਟਰੋਲ ਰੇਖਾ ਨੇੜਲੀਆਂ ਚੌਕੀਆਂ ਤੋਂ ਵੱਡੀ ਗਿਣਤੀ ਫੌਜਾਂ ਤੇ ਹਥਿਆਰਾਂ ਨੂੰ ਪਿੱਛੇ ਹਟਾਊਣਾ ਸੀ। -ਪੀਟੀਆਈ
ਫ਼ੌਜੀ ਕਮਾਂਡਰਾਂ ਦੀ ਗੱਲਬਾਤ ਅੱਗੇ ਵਧੀ: ਚੀਨ
ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਭਾਰਤ ਅਤੇ ਚੀਨੀ ਫੌਜਾਂ ਵਿਚਾਲੇ ਚੌਥੇ ਗੇੜ ਦੀ ਗੱਲਬਾਤ ਤਣਾਅ ਘਟਾਊਣ ਲਈ ਸਰਹੱਦੀ ਫੌਜਾਂ ਨੂੰ ਹੋਰ ਪਿੱਛੇ ਹਟਾਊਣ ਸਬੰਧੀ ਅੱਗੇ ਵਧੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੂੁਆ ਚੁਨਯਿੰਗ ਨੇ ਕਿਹਾ ਕਿ ਪੱਛਮੀ ਸੈਕਟਰ ਵਿੱਚ ਦੋਵਾਂ ਧਿਰਾਂ ਵਿਚਾਲੇ ਸਰਹੱਦ ਤੋਂ ਫੌਜਾਂ ਪਿੱਛੇ ਹਟਾਊਣ ਸਬੰਧੀ ਗੱਲਬਾਤ ਅੱਗੇ ਵਧੀ ਹੈ। -ਪੀਟੀਆਈ