ਜੰਮੂ, 4 ਸਤੰਬਰ
ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਅੱਜ ਕਿਹਾ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਜੰਮੂ ਕਸ਼ਮੀਰ ਦੇ ਲੋਕਾਂ ਲਈ ਨਿਆਂ ਯਕੀਨੀ ਬਣਾਉਣ ਦੀ ਆਪਣੀ ਲੜਾਈ ਜਾਰੀ ਰੱਖਣਗੇ। ਆਜ਼ਾਦ ਨੇ ਆਪਣੀ ਨਵੀਂ ਪਾਰਟੀ ਦੇ ਏਜੰਡੇ ਦੀ ਗੱਲ ਕਰਦਿਆਂ ਜੰਮੂ ਕਸ਼ਮੀਰ ਰਾਜ ਦੇ ਦਰਜੇ ਦੀ ਬਹਾਲੀ ਨੂੰ ਸਿਖਰਲੀ ਤਰਜੀਹ ਦੱਸਿਆ। ਆਜ਼ਾਦ ਨੇ ‘ਅਪਨੀ ਪਾਰਟੀ’ ਦੇ ਪ੍ਰਧਾਨ ਅਲਤਾਫ਼ ਬੁਖਾਰੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਖਾਰਜ ਕਰ ਦਿੱਤਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਲਈ ਸੰਸਦ ਵਿੱਚ ਹੋਈ ਵੋਟਿੰਗ ਦੌਰਾਨ ਉਨ੍ਹਾਂ ਮਤੇ ਦੇ ਹੱਕ ਵਿੱਚ ਵੋਟ ਪਾਈ ਸੀ। ਆਜ਼ਾਦ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਪਿਛਲੇ ਮਹੀਨੇ ਅਸਤੀਫ਼ਾ ਦੇਣ ਮਗਰੋਂ ਅੱਜ ਜੰਮੂ ਦੇ ਬਾਹਰਵਾਰ ਸੈਨਿਕ ਕਲੋਨੀ ਵਿੱਚ ਪਲੇਠੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।