ਮੁੰਬਈ, 5 ਮਈ
ਬੰਬੇ ਹਾਈ ਕੋਰਟ ਨੇ 2019 ਵਿੱਚ ਇੱਕ ਪੱਤਰਕਾਰ ਨਾਲ ਕਥਿਤ ਬਦਸਲੂਕੀ ਦੇ ਸਬੰਧੀ ਇੱਕ ਹੇਠਲੀ ਅਦਾਲਤ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਜਾਰੀ ਸੰਮਨਾਂ ’ਤੇ ਲੱਗੀ ਰੋਕ 13 ਜੂਨ ਤੱਕ ਵਧਾ ਦਿੱਤੀ ਹੈ। ਇਸੇ ਵਰ੍ਹੇ ਮਾਰਚ ਮਹੀਨੇ ਇੱਕ ਮੈਜਿਸਟਰੇਟ ਅਦਾਲਤ ਨੇ ਸਲਮਾਨ ਖ਼ਾਨ ਤੇ ਉਸ ਦੇ ਅੰਗਰੱਖਿਅਕ ਨਵਾਜ਼ ਸ਼ੇਖ ਨੂੰ ਸੰਮਨ ਜਾਰੀ ਕਰਕੇ ਪੰਜ ਅਪਰੈਲ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਇਹ ਹੁਕਮ ਪੱਤਰਕਾਰ ਅਸ਼ੋਕ ਪਾਂਡੇ ਵੱਲੋਂ ਇਨ੍ਹਾਂ ਦੋਵਾਂ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਜਾਰੀ ਕੀਤਾ ਸੀ। ਪਾਂਡੇ ਨੇ ਖ਼ਾਨ ਤੇ ਸ਼ੇਖ ’ਤੇ ਉਸ ਨੂੰ ਧਮਕਾਉਣ ਅਤੇ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਸਲਮਾਨ ਖ਼ਾਨ ਨੇ ਪਿਛਲੇ ਮਹੀਨੇ ਸੰਮਨ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ ਅਤੇ ਹਾਈ ਕੋਰਟ ਨੇ 5 ਅਪਰੈਲ ਨੂੰ ਜਾਰੀ ਹੁਕਮਾਂ ਵਿੱਚ ਸੰਮਨ ’ਤੇ 5 ਮਈ ਤੱਕ ਰੋਕ ਲਾ ਦਿੱਤੀ। ਬਾਅਦ ਵਿੱਚ ਖ਼ਾਨ ਦੇ ਅੰਗਰੱਖਿਅਕ ਸ਼ੇਖ ਨੇ ਵੀ ਸੰਮਨ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਾਇਰ ਕੀਤੀ ਸੀ। ਅੱਜ ਜਸਟਿਸ ਐੱਨ.ਜੇ. ਜਾਮਦਾਰ ਦੇ ਇਕਹਿਰੇ ਬੈਂਚ ਨੇ ਇਨ੍ਹਾਂ ਦੋਵਾਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਅਦਾਲਤ ਨੇ ਸਲਮਾਨ ਖ਼ਾਨ ਤੇ ਉਸ ਦੇ ਅੰਗਰੱਖਿਅਕ ਖ਼ਿਲਾਫ਼ ਸੰਮਨ ’ਤੇ ਰੋਕ 13 ਜੂਨ ਤੱਕ ਵਧਾ ਦਿੱਤੀ। -ਪੀਟੀਆਈ