ਨਵੀਂ ਦਿੱਲੀ, 13 ਸਤੰਬਰ
ਖਾਧ ਪਦਾਰਥ ਦੀਆਂ ਕੀਮਤਾਂ ਘਟਣ ਨਾਲ ਅਗਸਤ ਮਹੀਨੇ ਪ੍ਰਚੂਨ ਮਹਿੰਗਾਈ ਦਰ ਮਾਮੂਲੀ ਫਰਕ ਨਾਲ ਘਟ ਕੇ 5.3 ਫੀਸਦੀ ਰਹੀ ਹੈ। ਇਹ ਖੁਲਾਸਾ ਅੱਜ ਜਾਰੀ ਅਧਿਕਾਰਤ ਅੰਕੜਿਆਂ ਵਿੱਚ ਕੀਤਾ ਗਿਆ। ਉਪਭੋਗਤਾ ਮੁੱਲ ਸੂਚੀ (ਸੀਪੀਆਈ) ਅਧਾਰਿਤ ਪ੍ਰਚੂਨ ਮਹਿੰਗਾਈ ਦਰ ਇਸ ਤੋਂ ਪਿਛਲੇ ਮਹੀਨੇ ਜੁਲਾਈ ਵਿੱਚ 5.59 ਫ਼ੀਸਦੀ ਅਤੇ ਪਿਛਲੇ ਸਾਲ ਅਗਸਤ ਮਹੀਨੇ 6.69 ਫ਼ੀਸਦੀ ਰਹੀ ਸੀ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਖਾਧ ਪਦਾਰਥਾਂ ਦੀ ਮਹਿੰਗਾਈ ਦਰ ਅਗਸਤ ਮਹੀਨੇ 3.11 ਫ਼ੀਸਦ ਰਹੀ ਜੋ ਕਿ ਇਸ ਦੇ ਮੁਕਾਬਲੇ ਜੁਲਾਈ ਮਹੀਨੇ 3.96 ਫ਼ੀਸਦ ਸੀ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਗਸਤ ਮਹੀਨੇ ਆਪਣੀ ਮੁਦਰਾ ਸਮੀਖਿਆ ਮੀਟਿੰਗ ਦੌਰਾਨ ਮੁੱਖ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਸੀ। ਆਰਬੀਆਈ ਨੇ ਚਾਲੂ ਵਿੱਤੀ ਸਾਲ 2021-22 ਦੌਰਾਨ ਸੀਪੀਆਈ ਅਧਾਰਿਤ ਪ੍ਰਚੂਨ ਮਹਿੰਗਾਈ ਦਰ 5.7 ਫ਼ੀਸਦੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਹੈ। ਕੇਂਦਰੀ ਬੈਂਕ ਮੁਤਾਬਕ ਅਗਲੇ ਵਿੱਤ ਵਰ੍ਹੇ 2022-23 ਦੀ ਪਹਿਲੀ ਤਿਮਾਹੀ ਦੌਰਾਨ ਪ੍ਰਚੂਨ ਮਹਿੰਗਾਈ ਦਰ 5.1 ਫ਼ੀਸਦ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ