ਨਵੀਂ ਦਿੱਲੀ: ਪਰਚੂਨ ਮਹਿੰਗਾਈ ਨੇ ਸੱਤ ਮਹੀਨਿਆਂ ਵਿੱਚ ਜਨਵਰੀ ’ਚ ਪਹਿਲੀ ਵਾਰ ਰਿਜ਼ਰਵ ਬੈਂਕ ਆਫ਼ ਇੰਡੀਆ ਦੀ 6 ਫ਼ੀਸਦੀ ਉੱਪਰਲੀ ਸਹਿਣਸ਼ੀਲਤਾ ਸੀਮਾ ਦਾ ਰਿਕਾਰਡ ਤੋੜਿਆ ਹੈ ਜਦਕਿ ਥੋਕ ਕੀਮਤਾਂ ਸਬੰਧੀ ਇੰਡੈਕਸ ਦਸਵੇਂ ਮਹੀਨੇ ਵਿੱਚ ਦੋਹਰੇ ਅੰਕਾਂ ’ਚ ਰਿਹਾ ਹੈ। ਰਿਜ਼ਰਵ ਬੈਂਕ ਲਈ ਮੁੱਖ ਮੱਦ ਪਰਚੂਨ ਮਹਿੰਗਾਈ ਇਸ ਮਹੀਨੇ ਵਿੱਚ ਮੁੱਖ ਤੌਰ ’ਤੇ ਕੁਝ ਖਾਸ ਭੋਜਨ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਵਧੀ ਹੈ। ਪਿਛਲੇ ਵਰ੍ਹੇ ਜੂਨ 2021 ਵਿੱਚ ਪਰਚੂਨ ਮਹਿੰਗਾਈ ਦਾ ਵਾਧਾ 6.26 ਫ਼ੀਸਦੀ ਦਾ ਸੀ। ਹਾਲਾਂਕਿ ਥੋਕ ਕੀਮਤਾਂ ’ਚ ਆਏ ਉਛਾਲ ’ਚ ਦੂਜੇ ਮਹੀਨੇ ਲਗਾਤਾਰ ਨਰਮ ਰੁਝਾਨ ਦੇਖਣ ਨੂੰ ਮਿਲਿਆ ਹੈ, ਕਿਉਂਕਿ ਕੀਮਤਾਂ ਵਿੱਚ ਵਾਧਾ 12.96 ਫ਼ੀਸਦੀ ਦੀ ਧੀਮੀ ਰਫ਼ਤਾਰ ਨਾਲ ਹੋਇਆ ਹੈ। ਉਪਭੋਗਤਾ ਕੀਮਤ ਇੰਡੈਕਸ (ਸੀਪੀਆਈ) ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਖਾਣ ਵਾਲੇ ਤੇਲ ਤੇ ਘਿਓ ਦੀਆਂ ਕੀਮਤਾਂ ਵਿੱਚ 18.7 ਫ਼ੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਇਹ ਦਸੰਬਰ ਦੀ ਪਰਚੂਨ ਮਹਿੰਗਾਈ ਦੀ 24.32 ਫ਼ੀਸਦੀ ਦੀ ਦਰ ਨਾਲੋਂ ਘੱਟ ਹੈ। -ਪੀਟੀਆਈ