ਨਵੀਂ ਦਿੱਲੀ: ਵੱਡੀ ਗਿਣਤੀ ਕੋਵਿਡ-19 ਪੀੜਤਾਂ ਵਿਚ ਵਾਇਰਸ ਨਾਲ ਸਬੰਧਤ ਕੋਈ ਲੱਛਣ ਨਜ਼ਰ ਨਾ ਆਉਣ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਘਰ ’ਚ ਏਕਾਂਤਵਾਸ ਹੋਣ ਨਾਲ ਜੁੜੇ ਨੇਮਾਂ ਵਿਚ ਸੋਧ ਕੀਤੀ ਹੈ। ਅਜਿਹੇ ਮਾਮਲਿਆਂ ਵਿਚ ਪੀੜਤ ਨੂੰ ਹੁਣ ਕਰੋਨਾਵਾਇਰਸ ਨਾਲ ਹਲਕੇ ਪੱਧਰ ਤੱਕ ਪ੍ਰਭਾਵਿਤ ਕੇਸਾਂ ਵਿਚ ਸ਼ਾਮਲ ਕੀਤਾ ਜਾਵੇਗਾ ਜਾਂ ਫਿਰ ਇਸ ਨੂੰ ਕਰੋਨਾਵਾਇਰਸ ਇਨਫੈਕਸ਼ਨ ਦੇ ਲੱਛਣ ਉਜਾਗਰ ਹੋਣ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਰਗ ਵਿਚ ਰੱੱਖਿਆ ਜਾ ਸਕਦਾ ਹੈ। ਹਾਲਾਂਕਿ ਜਿਹੜੇ ਮਰੀਜ਼ਾਂ ਨੂੰ ਐਚਆਈਵੀ ਹੈ, ਟਰਾਂਸਪਲਾਂਟ ਕਰਵਾਉਣ ਵਾਲੇ ਤੇ ਕੈਂਸਰ ਥੈਰੇਪੀ ਲੈ ਰਹੇ ਮਰੀਜ਼ਾਂ ਨੂੰ ਘਰ ਵਿਚ ਏਕਾਂਤਵਾਸ ਨਹੀਂ ਕੀਤਾ ਜਾਵੇਗਾ। ਅਜਿਹੇ ਵਿਅਕਤੀਆਂ ਨੂੰ ਵਾਇਰਸ ਤੋਂ ਵੱਧ ਖ਼ਤਰਾ ਹੈ। ਇਸ ਤੋਂ ਇਲਾਵਾ 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਅਤੇ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀਆਂ ਬੀਮਾਰੀਆਂ ਤੋਂ ਪੀੜਤ, ਫੇਫੜਿਆਂ/ਜਿਗਰ/ਗੁਰਦਿਆਂ ਦੀਆਂ ਬੀਮਾਰੀਆਂ ਤੋਂ ਪੀੜਤ ਆਦਿ ਨੂੰ ਵੀ ਮੈਡੀਕਲ ਅਫ਼ਸਰ ਦੀ ਸਲਾਹ ਮਗਰੋਂ ਪੂਰੀ ਸਮੀਖ਼ਿਆ ਤੋਂ ਬਾਅਦ ਹੀ ਘਰ ’ਚ ਏਕਾਂਤਵਾਸ ਕੀਤਾ ਜਾ ਸਕੇਗਾ। ਘਰ ’ਚ ਏਕਾਂਤਵਾਸ ਮਰੀਜ਼ਾਂ ਨੂੰ ਦਸ ਦਿਨਾਂ ਮਗਰੋਂ ਜਾਂ ਤਿੰਨ ਦਿਨ ਬੁਖ਼ਾਰ ਨਾ ਹੋਣ ਉਤੇ ਡਿਸਚਾਰਜ ਦੀ ਪ੍ਰਵਾਨਗੀ ਦਿੱਤੀ ਜਾ ਸਕੇਗੀ। ਇਸ ਤੋਂ ਬਾਅਦ ਟੈਸਟਿੰਗ ਦੀ ਲੋੜ ਨਹੀਂ ਪਵੇਗੀ।
-ਪੀਟੀਆਈ