ਹੈਦਰਾਬਾਦ, 4 ਦਸੰਬਰ
ਹੁਕਮਰਾਨ ਟੀਆਰਐੱਸ ਨੇ ਗਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ’ਚ ਆਪਣੀ ਚੜ੍ਹਤ ਬਰਕਰਾਰ ਰੱਖੀ ਹੈ। ਪਾਰਟੀ ਨੂੰ 150 ’ਚੋਂ 56 ਸੀਟਾਂ ਮਿਲੀਆਂ ਹਨ ਅਤੇ ਇਸ ਵਾਰ ਅਸਦ-ਉਦ-ਦੀਨ ਓਵਾਇਸੀ ਦੀ ਅਗਵਾਈ ਹੇਠਲੀ ਪਾਰਟੀ ਏਆਈਐੱਮਆਈਐੱਮ ਨਾਲ ਮਿਲ ਕੇ ਨਗਰ ਨਿਗਮ ਦਾ ਪ੍ਰਸ਼ਾਸਨ ਚਲਾਉਣਾ ਪਵੇਗਾ। ਭਾਜਪਾ ਨੇ ਇਨ੍ਹਾਂ ਚੋਣਾਂ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਨੇ 49 ਸੀਟਾਂ ਜਿੱਤੀਆਂ। ਅਸਦ-ਉਦ-ਦੀਨ ਦੀ ਪਾਰਟੀ ਨੇ ਪੁਰਾਣੇ ਹੈਦਰਾਬਾਦ ’ਚ ਆਪਣਾ ਕਬਜ਼ਾ ਕਾਇਮ ਰਖਦਿਆਂ 43 ਵਾਰਡਾਂ ’ਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੂੰ ਸਿਰਫ਼ 2 ਸੀਟਾਂ ਨਸੀਬ ਹੋਈਆਂ ਹਨ। ਭਾਜਪਾ ਨੇ ਚਾਰ ਸਾਲ ਪਹਿਲਾਂ ਤੇਲਗੂ ਦੇਸਮ ਪਾਰਟੀ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਐਤਕੀਂ ਉਸ ਦੇ ਪ੍ਰਦਰਸ਼ਨ ’ਚ ਚੋਖਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਸਮੇਤ ਹੋਰਾਂ ਨੇ ਇਨ੍ਹਾਂ ਚੋਣਾਂ ਦੌਰਾਨ ਪ੍ਰਚਾਰ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਵਾਰ ਚੋਣਾਂ ਮਗਰੋਂ ਹੈਦਰਾਬਾਦ ’ਚ ਭਾਜਪਾ ਦਾ ਮੇਅਰ ਬਣੇਗਾ। ਕੇ. ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠਲੀ ਤਿਲੰਗਾਨਾ ਰਾਸ਼ਟਰ ਸਮਿਤੀ ਨੇ 2016 ’ਚ 150 ’ਚੋਂ 99 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਸੀ। ਚੋਣਾਂ ਦੌਰਾਨ ਬੈਲੇਟ ਪੇਪਰਾਂ ਦੀ ਵਰਤੋਂ ਕੀਤੀ ਗਈ ਸੀ।
-ਪੀਟੀਆਈ