ਨਵੀਂ ਦਿੱਲੀ, 4 ਜਨਵਰੀ
ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਜੀਆਈ) ਦੇ ਕੋਵਿਡ-19 ਵਰਕਿੰਗ ਗਰੁੱਪ ਦੇ ਚੇਅਰਮੈਨ ਡਾ. ਐੱਨਕੇ ਅਰੋੜਾ ਨੇ ਕਿਹਾ ਹੈ ਕਿ ਭਾਰਤ ਦੇ ਵੱਡੇ ਸ਼ਹਿਰਾਂ ਵਿਚ ਰੋਜ਼ਾਨਾ ਓਮੀਕਰੋਨ ਦੇ 50 ਫ਼ੀਸਦ ਤੋਂ ਵੱਧ ਮਾਮਲੇ ਹਨ ਤੇ ਪਿਛਲੇ ਹਫ਼ਤੇ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਮਹਾਮਾਰੀ ਦੀ ਤੀਜੀ ਲਹਿਰ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, ‘ਪਿਛਲੇ ਹਫਤੇ ਕੋਵਿਡ-19 ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਤੀਜੀ ਲਹਿਰ ਦਾ ਸੰਕੇਤ ਦਿੰਦਾ ਹੈ, ਜੋ ਦੁਨੀਆ ਦੇ ਕਈ ਹੋਰ ਦੇਸ਼ਾਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।’ ਹਾਲਾਂਕਿ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦੇਸ਼ ਵਿੱਚ 80 ਫ਼ੀਸਦ ਤੋਂ ਵੱਧ ਲੋਕ ਕੁਦਰਤੀ ਤੌਰ ‘ਤੇ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ, 90 ਫੀਸਦ ਤੋਂ ਵੱਧ ਬਾਲਗਾਂ ਨੇ ਘੱਟੋ ਘੱਟ ਇੱਕ ਐਂਟੀ-ਕੋਵਿਡ -19 ਟੀਕਾ ਲਗਵਾ ਲਿਆ ਹੈ ਤੇ 65 ਫੀ਼ਸਦ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਹਨ।’