ਮਥੁਰਾ, 20 ਮਈ
ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਰਿਫਾਇਨਰੀ ਤੋਂ ਜਲੰਧਰ (ਪੰਜਾਬ) ਹੋ ਕੇ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਭਾਰਤ ਦੇ ਰਾਜਾਂ ਨੂੰ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ’ਚੋਂ ਵੱਡੀ ਮਾਤਰਾ ਵਿਚ ਡੀਜ਼ਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਮਥੁਰਾ ਰਿਫਾਇਨਰੀ ਦੀ ਪਾਈਪਲਾਈਨ ਡਿਵੀਜ਼ਨ ਦੇ ਅਧਿਕਾਰੀਆਂ ਦੇ ਬਿਆਨਾਂ ਉੱਤੇ ਅੰਬਰਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਤੇਲ ਦੀ ਮਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਅੰਦਾਜ਼ਾ ਹੈ ਕਿ ਚੋਰਾਂ ਵੱਲੋਂ ਕਈ ਹਜ਼ਾਰ ਲੀਟਰ ਤੇਲ ਚੋਰੀ ਕੀਤਾ ਗਿਆ ਹੈ। ਪੁਲੀਸ ਛਾਤਾ ਦੇ ਇੰਚਾਰਜ ਇੰਸਪੈਕਟਰ ਰਵੀ ਤਿਆਗੀ ਨੇ ਕਿਹਾ, ‘ਪਾਈਪਲਾਈਨ ਡਵੀਜ਼ਨ ਦੇ ਮੁੱਖ ਪ੍ਰਬੰਧਕ ਸ਼੍ਰੀਸ਼ ਚੰਦਰ ਵਰਮਾ ਮੁਤਾਬਕ ਸੋਮਵਾਰ ਰਾਤ ਨੂੰ 12.50 ਵਜੇ ਡੀਜ਼ਲ ਦੀ ਸਪਲਾਈ ਦੌਰਾਨ ਤੇਲ ਦਾ ਦਬਾਅ ਘੱਟ ਪਾਇਆ ਗਿਆ ਸੀ। ਇਸ ਕਾਰਨ ਸ਼ੱਟ ਡਾਊਨ ਲੈ ਕੇ ਪਾਈਪਲਾਈਨ ’ਤੇ ਗਸ਼ਤ ਕੀਤੀ ਗਈ ਤਾਂ ਅਬਰੇਲਾ ਥਾਣਾ ਖੇਤਰ ਦੇ ਪਿੰਡ ਰਨਵਾੜੀ ਦੀ ਹੱਦ ਵਿਚ ਜੰਗਲ ਵਿਚ ਪਾਈਪਲਾਈਨ ਵਿਚ ਇੱਕ ਵਾਲਵ ਮਿਲਿਆ। ਉਨ੍ਹਾਂ ਦੱਸਿਆ ਕਿ ਵਾਲਵ ਵਿੱਚ ਪਾਈਪਾਂ ਪਾ ਕੇ ਪੈਟਰੋਲੀਅਮ ਪਦਾਰਥ ਚੋਰੀ ਕੀਤੇ ਜਾ ਰਹੇ ਸਨ। ਵਾਲਵ ਨੂੰ ਬੰਦ ਕਰਕੇ ਪਾਈਪਲਾਈਨ ਦੀ ਮੁਰੰਮਤ ਕਰ ਦਿੱਤੀ ਗਈ ਹੈ। -ਏਜੰਸੀ