ਜੈਪੁਰ, 28 ਜੂਨ
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਇਦ ਪਾਬੰਦੀਆਂ ਤੇ ਦਿਸ਼ਾ-ਨਿਰਦੇਸ਼ਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਕੇ ਸ਼ਾਹੀ ਵਿਆਹ ਕਰਨ ਵਾਲੇ ਇਕ ਪਰਿਵਾਰ ਨੂੰ ਭੀਲਵਾੜਾ ਜ਼ਿਲ੍ਹਾ ਪ੍ਰਸ਼ਾਸਨ ਨੇ 6.26 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। 13 ਜੂਨ ਨੂੰ ਹੋਏ ਇਸ ਵਿਆਹ ਸਮਾਗਮ ਵਿੱਚ 250 ਮਹਿਮਾਨਾਂ ਨੇ ਸ਼ਿਰਕਤ ਕੀਤੀ ਸੀ, ਹਾਲਾਂਕਿ ਨੇਮਾਂ ਮੁਤਾਬਕ 50 ਵਿਅਕਤੀਆਂ ਨੂੰ ਹੀ ਆਉਣ ਦੀ ਖੁੱਲ੍ਹ ਹੈ। ਖਰਚੇ ਪੱਖੋਂ ਇਸ ਸ਼ਾਹੀ ਵਿਆਹ ਵਿੱਚ ਸ਼ਾਮਲ ਵਿਅਕਤੀਆਂ ’ਚੋਂ ਲਾੜੇ ਦੇ ਦਾਦੇ ਦੀ ਮੌਤ ਹੋ ਗਈ ਹੈ ਜਦੋਂ ਕਿ ਸ਼ਨਿੱਚਰਵਾਰ ਤਕ ਲਾੜੇ ਸਮੇਤ 15 ਜਣਿਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਲਾੜੇ ਦੇ ਦਾਦੇ ਦੀ ਕੋਵਿਡ-19 ਕਰਕੇ ਹੀ ਮੌਤ ਹੋਈ ਹੈ ਜਦੋਂਕਿ ਉਹਦੇ ਦੋ ਹੋਰ ਰਿਸ਼ਤੇਦਾਰ ਵੀ ਕਰੋਨਾ ਪਾਜ਼ੇਟਿਵ ਹਨ। ਜਾਂਚ ਦੌਰਾਨ ਲਾੜੀ ਤੇ 17 ਹੋਰਾਂ ਦਾ ਨਮੂਨਾ ਨੈਗੇਟਿਵ ਪਾਇਆ ਗਿਆ ਹੈ। ਕਰੋਨਾ ਪੀੜਤ 15 ਮਰੀਜ਼ਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਤੇ 100 ਤੋਂ ਵੱਧ ਨੂੰ ਇਕਾਂਤਵਾਸ ਭੇਜ ਦਿੱਤਾ ਹੈ। ਸੂਬਾ ਸਰਕਾਰ ਨੇ ਲਾੜੇ ਦੇ ਪਿਊ ਨੂੰ ਮਹਾਮਾਰੀ ਐਕਟ ਤਹਿਤ 6.26 ਲੱਖ ਰੁਪਏ ਦਾ ਜੁਰਮਾਨਾ ਲਾਉਂਦਿਆਂ ਤਿੰਨ ਦਿਨਾਂ ਅੰਦਰ ਰਾਸ਼ੀ ਜਮ੍ਹਾਂ ਕਰਵਾਉਣ ਦੀ ਤਾਕੀਦ ਕੀਤੀ ਹੈ। ਜੁਰਮਾਨੇ ਵਿੱਚ ਇਕਾਂਤਵਾਸ ਤੇ ਪੀੜਤਾਂ ਦੇ ਇਲਾਜ ਦਾ ਖਰਚਾ ਆਦਿ ਸ਼ਾਮਲ ਹੈ। ਜੇਕਰ ਕੋਈ ਹੋਰ ਖਰਚਾ ਹੁੰਦਾ ਹੈ ਤਾਂ ਉਹ ਵੀ ਆਉਂਦੇ ਦਿਨਾਂ ’ਚ ਸਬੰਧਤ ਪਰਿਵਾਰ ਤੋਂ ਵਸੂਲਿਆ ਜਾਵੇਗਾ। -ਆਈਏਐੱਨਐੱਸ