ਪਲੱਕੜ (ਕੇਰਲ): ਇੱਥੋਂ ਦੇ ਮਾਮਬਰਮ ਜ਼ਿਲ੍ਹੇ ਵਿੱਚ ਅੱਜ ਸਵੇਰੇ ਆਰਐੱਸਐੱਸ ਦੇ ਇੱਕ ਕਾਰਕੁਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲੀਸ ਮੁਤਾਬਕ 27 ਸਾਲਾ ਸੰਜੀਤ ਨੂੰ ਸਵੇਰੇ ਲਗਪਗ 9 ਵਜੇ ਉਸਦੀ ਪਤਨੀ ਦੇ ਸਾਹਮਣੇ ਉਸ ਸਮੇਂ ਮਾਰ ਦਿੱਤਾ ਗਿਆ ਜਦੋਂ ਉਹ ਉਸ ਨੂੰ ਕੰਮ ਵਾਲੀ ਥਾਂ ’ਤੇ ਛੱਡਣ ਜਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਇਸਲਾਮਿਕ ਜਥੇਬੰਦੀ- ‘ਪਾਪੂਲਰ ਫਰੰਟ ਆਫ਼ ਇੰਡੀਆ’ ਦੀ ਰਾਜਨੀਤਕ ਇਕਾਈ ‘ਸੋਸ਼ਲ ਡੈਮੋਕਰੈਟਿਕ ਪਾਰਟੀ ਆਫ਼ ਇੰਡੀਆ’ (ਐੱਸਡੀਪੀਆਈ) ਦੇ ਕਾਰਕੁਨਾਂ ਦੀ ਭੂਮਿਕਾ ਦਾ ਸ਼ੱਕ ਹੈ। ਮੁਲਜ਼ਮਾਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜੋ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਏ। ਭਾਜਪਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਸੰਜੀਤ ਦਾ ਪਿੱਛਾ ਕੀਤਾ ਤੇ ਉਸ ਦੇ ਦੋਪਹੀਆ ਵਾਹਨ ’ਤੇ ਹਮਲਾ ਕੀਤਾ ਤੇ ਜਦੋਂ ਉਹ ਹੇਠਾਂ ਡਿੱਗ ਗਿਆ ਤਾਂ ਉਸਦੀ ਪਤਨੀ ਦੇ ਸਾਹਮਣੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। -ਪੀਟੀਆਈ