ਨਾਗਪੁਰ, 19 ਦਸੰਬਰ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਵਿਚਾਰਕ ਤੇ ਸੰਗਠਨ ਦੇ ਪਹਿਲੇ ਬੁਲਾਰੇ ਮਾਧਵ ਗੋਵਿੰਦ ਵੈਦਿਆ ਦਾ ਅੱਜ ਦੇਹਾਂਤ ਹੋ ਗਿਆ। ਉਹ 97 ਸਾਲਾਂ ਦੇ ਸਨ। ਉਨ੍ਹਾਂ ਦੇ ਪੋਤੇ ਵਿਸ਼ਨੂ ਵੈਦਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਕਰੋਨਾ ਹੋਇਆ ਸੀ ਤੇ ਉਹ ਉਸ ਤੋਂ ਸਿਹਤਯਾਬ ਹੋ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹੋਵੇਗਾ। ਉਹ ਆਰਐੱਸਐੱਸ ਨਾਲ ਅੱਠ ਦਹਾਕੇ ਜੁੜੇ ਰਹੇ। ਆਰਐੱਸਐੱਸ ਪੱਖੀ ਮਰਾਠੀ ਰਸਾਲੇ ‘ਤਰੁਣ ਭਾਰਤ’ ਦੇ ਸਾਬਕਾ ਚੀਫ ਐਡੀਟਰ ਨੇ ਦੱਸਿਆ ਕਿ ਉਹ 1943 ਵਿੱਚ ਸੰਗਠਨ ਦੇ ਮੈਂਬਰ ਬਣੇੇ। ਉਹ ਆਰਐੱਸਐੱਸ ਦੇ ਪਹਿਲੇ ਪ੍ਰਚਾਰ ਪ੍ਰਮੁੱਖ ਸਨ। ਇਸ ਵਰ੍ਹੇ ਜਨਵਰੀ ਵਿੱਚ ਉਹ ਮਹਾਰਾਸ਼ਟਰ ਨੂੰ ਚਾਰ ਹਿੱਸਿਆਂ ਵਿੱਚ ਵੰਡਣ ਦੀ ਮੰਗ ਕਾਰਨ ਵਿਵਾਦਾਂ ਵਿੱਚ ਘਿਰ ਗਏ ਸਨ। ਉਨ੍ਹਾਂ ਦਾ ਜਨਮ ਵਰਧਾ ਜ਼ਿਲ੍ਹੇ ਦੀ ਤਰੋਡਾ ਤਹਿਸੀਲ ਵਿੱਚ ਹੋਇਆ ਸੀ। -ਏਜੰਸੀ