ਨਵੀਂ ਦਿੱਲੀ, 30 ਦਸੰਬਰ
ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੇਸ਼ ਦੀਆਂ ਏਅਰਲਾਈਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸੋਧੇ ਹੋਏ ਕੋਵਿਡ ਨਿਰਦੇਸ਼ਾਂ ਤਹਿਤ ਦੇਸ਼ ਵਿੱਚ ਚੀਨ ਸਣੇ ਹੋਰਨਾਂ ਏਸ਼ਿਆਈ ਦੇਸ਼ਾਂ ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਚੈੱਕ-ਇਨ ਦੀ ਸਹੂਲਤ ਵਿੱਚ ਸੋਧ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਚੀਨ ਸਣੇ ਛੇ ਏਸ਼ਿਆਈ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਨੈਗੇਟਿਵ ਰਿਪੋਰਟ ਐਤਵਾਰ ਤੋਂ ਲਾਜ਼ਮੀ ਕਰ ਦਿੱਤੀ ਗਈ ਹੈ। ਹਵਾਬਾਜ਼ੀ ਮੰਤਰਾਲੇ ਵੱਲੋਂ ਇਹ ਹਦਾਇਤ ਸਿਹਤ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਦਿੱਤੀ ਗਈ ਹੈ। ਸਿਹਤ ਮੰਤਰਾਲੇ ਨੇ ਬੀਤੇ ਦਿਨ ਨਿਰਦੇਸ਼ ਦਿੱਤਾ ਸੀ ਕਿ ਏਸ਼ੀਆ ਦੇ ਛੇ ਦੇਸ਼ ਚੀਨ, ਸਿੰਗਾਪੁਰ, ਹਾਂਗਕਾਂਗ, ਕੋਰੀਆ, ਥਾਈਲੈਂਡ ਤੇ ਜਪਾਨ ਤੋਂ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਾਜ਼ਮੀ ਹੈ। ਇਹ ਨਵੀਆਂ ਹਦਾਇਤਾਂ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਣਗੀਆਂ। ਉਧਰ, ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਕਿਹਾ ਹੈ ਕਿ ਚੀਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਕੁਝ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ‘ਸਮਝਣਯੋਗ’ ਹਨ ਕਿਉਂਕਿ ਚੀਨ ਨੇ ਕੋਵਿਡ ਕੇਸਾਂ ਬਾਰੇ ਡਾਟਾ ਰਿਲੀਜ਼ ਕਰਨਾ ਬੰਦ ਕਰ ਦਿੱਤਾ ਹੈ। -ਆਈਏਐੱਨਐੱਸ