ਬੰਗਲੌਰ, 13 ਅਗਸਤ
ਬਾਇਕੌਨ ਲਿਮਟਿਡ ਦੀ ਕਾਰਜਕਾਰੀ ਚੇਅਰਪਰਸਨ ਤੇ ਐੱਮਡੀ ਕਿਰਨ ਮਜ਼ੂਮਦਾਰ ਸ਼ਾਅ ਨੇ ਰੂਸ ਵੱਲੋਂ ਵਿਸ਼ਵ ਦੀ ਪਹਿਲੀ ਸੁਰੱਖਿਅਤ ਕਰੋਨਾਵਾਇਰਸ ਵੈਕਸੀਨ ਵਿਕਸਤ ਕਰਨ ਦੇ ਦਾਅਵਿਆਂ ’ਤੇ ਉਜਰ ਜਤਾਇਆ ਹੈ। ਸ਼ਾਅ ਨੇ ਕਿਹਾ ਕਿ ਕਲੀਨਿਕਲ ਟਰਾਇਲਾਂ ਨਾਲ ਸਬੰਧਤ ਡੇਟਾ ਦੀ ਗੈਰਮੌਜੂਦਗੀ ਤੇ ਵੱਖ ਵੱਖ ਥਾਈਂ ਚੱਲ ਰਹੇ ‘ਅਤਿ ਆਧੁਨਿਕ’ ਪ੍ਰੋਗਰਾਮਾਂ ਦੇ ਚਲਦਿਆਂ ਰੂਸ ਦਾ ਇਹ ਦਾਅਵਾ ਖੋਖਲਾ ਜਾਪਦਾ ਹੈ। ਬੰਗਲੌਰ ਅਧਾਰਿਤ ਕੰਪਨੀ ਦੀ ਕਾਰਜਕਾਰੀ ਚੇਅਰਪਰਸਨ ਨੇ ਕਿਹਾ ਕਿ ਕੁੱਲ ਆਲਮ ਨੇ ਮਾਸਕੋ ਅਧਾਰਿਤ ਕੰਪਨੀ ਗਮਾਲਿਆ ਰਿਸਰਚ ਇੰਸਟੀਚਿਊਟ ਵੱਲੋਂ ਕੀਤੇ ਪਹਿਲੇ ਜਾਂ ਦੂਜੇ ਗੇੜ ਦੇ ਕਲੀਨਿਕਲ ਤਜਰਬਿਆਂ ਦਾ ਡੇਟਾ ਅਜੇ ਤਕ ਨਹੀਂ ਵੇਖਿਆ। ਕਾਬਿਲੇਗੌਰ ਹੈ ਕਿ ਰੂਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਕੋਵਿਡ-19 ਵੈਕਸੀਨ ਲਈ ਲੋੜੀਂਦੀ ਰੈਗੂਲੇਟਰੀ ਪ੍ਰਵਾਨਗੀ ਹਾਸਲ ਕਰਨ ਵਾਲਾ ਉਹ ਵਿਸ਼ਵ ਦਾ ਪਹਿਲਾ ਮੁਲਕ ਬਣ ਗਿਆ ਹੈ। -ਪੀਟੀਆਈ