ਮਾਸਕੋ, 31 ਜਨਵਰੀ
ਰੂਸ ’ਚ ਦੇਸ਼ਿਵਆਪੀ ਪ੍ਰਦਰਸ਼ਨ ਜਾਰੀ ਰੱਖਦਿਆਂ ਐਤਵਾਰ ਨੂੰ ਹਜ਼ਾਰਾਂ ਲੋਕ ਵਿਰੋਧੀ ਨੇਤਾ ਐਲੇਕਸੀ ਨਵਾਲਨੀ ਦੀ ਰਿਹਾਈ ਮੰਗ ਲਈ ਕਰੈਮਲਿਨ ’ਚ ਸੜਕਾਂ ’ਤੇ ਨਿਕਲੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਗ੍ਰਿਫ਼ਤਾਰੀਆਂ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਓ.ਵੀ.ਡੀ. ਮੁਤਾਬਕ ਐਤਵਾਰ ਨੂੰ ਵੱਖ-ਵੱਖ ਸ਼ਹਿਰਾਂ ਰੋਸ ਪ੍ਰਦਰਸ਼ਨਾਂ ਦੌਰਾਨ ਪੁਲੀਸ ਵੱਲੋਂ 4ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਪ੍ਰਦਰਸ਼ਨਾਂ ਦੇ ਚੱਲਦਿਆਂ ਮਾਸਕੋ ’ਚ ਸੁਰੱਖਿਆ ਸਬੰਧੀ ਕਈ ਅਣਕਿਆਸੇ ਕਦਮ ਚੁੱਕੇ ਗਏ ਹਨ ਅਤੇ ਕਰੈਮਲਿਨ ਦੇ ਨੇੜੇ ਸਬ-ਵੇਅ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਬੱਸਾਂ ਦਾ ਰੂਟ ਵੀ ਬਦਲਿਆ ਗਿਆ ਹੈ। ਰੈਸਤਰਾਂ ਅਤੇ ਸਟੋਰਾਂ ਆਦਿ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਉਣ ਵਾਲੇ ਅਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਲੋਚਕ ਨਵਾਲਨੀ ਨੂੰ ਜਰਮਨੀ ਤੋਂ ਵਾਪਸ ਆਉਣ ’ਤੇ 17 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਵਾਲਨੀ ਜਰਮਨੀ ’ਚ ਪੰਜੇ ਮਹੀਨੇ ਜ਼ੇਰੇ ਇਲਾਜ ਰਿਹਾ। ਉਸ ਨੂੰ ਕਥਿਤ ਤੌਰ ’ਤੇ ਇਕ ਨਰਵ-ਏਜੰਟ ਵੱਲੋਂ ਜ਼ਹਿਰ ਦਿੱਤਾ ਗਿਆ ਸੀ। ਉਸ ਨੇ ਖ਼ੁਦ ’ਤੇ ਹੋਏ ਇਸ ਹਮਲੇ ਲਈ ਕਰੈਮਲਿਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਹਾਲਾਂਕਿ ਰੂਸ ਦੇ ਅਧਿਕਾਰੀ ਇਸ ਦਾ ਖੰਡਨ ਕਰਦੇ ਰਹੇ ਹਨ। -ਏਪੀ