ਨਵੀਂ ਦਿੱਲੀ: ਰੂਸ ਨੇ ਸਤਹਿ ਤੋਂ ਹਵਾ ’ਚ ਮਾਰ ਵਾਲੀ ਮਿਜ਼ਾਈਲ ਪ੍ਰਣਾਲੀ ਐੱਸ-400 ਭਾਰਤ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ। ਰੂਸ ਦੇ ਮਿਲਟਰੀ ਟੈਕਨੀਕਲ ਕੋਆਪ੍ਰੇਸ਼ਨ ਬਾਰੇ ਫੈਡਰਲ ਸਰਵਿਸ ਦੇ ਡਾਇਰੈਕਟਰ ਦਮਿੱਤਰੀ ਸ਼ੂਗੇਵ ਨੇ ਸਪੂਤਨਿਕ ਨਿਊਜ਼ ਨੂੰ ਦੱਸਿਆ ਕਿ ਇਸ ਪ੍ਰਣਾਲੀ ਦੀ ਯੋਜਨਾ ਮੁਤਾਬਕ ਡਿਲੀਵਰੀ ਹੋ ਰਹੀ ਹੈ। ਭਾਰਤ ਨੇ ਰੂਸ ਤੋਂ ਇਹ ਪ੍ਰਣਾਲੀ 5 ਅਰਬ ਡਾਲਰ ’ਚ ਖ਼ਰੀਦਣ ਦੇ ਸਮਝੌਤੇ ’ਤੇ ਅਕਤੂੁਬਰ 2018 ’ਚ ਦਸਤਖ਼ਤ ਕੀਤੇ ਸਨ। ਟਰੰਪ ਪ੍ਰਸ਼ਾਸਨ ਨੇ ਇਸ ਖ਼ਰੀਦ ਸਮਝੌਤੇ ’ਚ ਅੜਿੱਕਾ ਡਾਹੁਣ ਦੇ ਯਤਨ ਕੀਤੇ ਸਨ ਅਤੇ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ ਪਰ ਇਹ ਸੌਦਾ ਨੇਪਰੇ ਚੜ੍ਹ ਗਿਆ ਸੀ। ਭਾਰਤ ਨੇ 2019 ’ਚ ਰੂਸ ਨੂੰ ਕਰੀਬ 80 ਕਰੋੜ ਡਾਲਰ ਦੀ ਪਹਿਲੀ ਕਿਸ਼ਤ ਅਦਾ ਕਰ ਦਿੱਤੀ ਸੀ। -ਪੀਟੀਆਈ