ਨਵੀਂ ਦਿੱਲੀ/ਕੀਵ/ਮਾਸਕੋ, 26 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਨੂੰ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ ਸੰਵਾਦ ਤੇ ਕੂਟਨੀਤੀ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ ਤੇ ਕਿਸੇ ਵੀ ਧਿਰ ਨੂੰ ਪਰਮਾਣੂ ਬਦਲਾਂ ਉਤੇ ਵਿਚਾਰ ਨਹੀਂ ਕਰਨਾ ਚਾਹੀਦਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਸ਼ੋਇਗੂ ਨੇ ਫੋਨ ਉਤੇ ਹੋਈ ਗੱਲਬਾਤ ਵਿਚ ਰਾਜਨਾਥ ਨੂੰ ਯੂਕਰੇਨ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਾਇਆ। ਗੱਲਬਾਤ ਦੌਰਾਨ ਰੂਸੀ ਆਗੂ ਨੇ ਯੂਕਰੇਨ ਵੱਲੋਂ ‘ਡਰਟੀ ਬੰਬ’ ਦੀ ਵਰਤੋਂ ਕਰ ਕੇ ਭੜਕਾਹਟ ਪੈਦਾ ਕੀਤੇ ਜਾਣ ਬਾਰੇ ਆਪਣਾ ਫ਼ਿਕਰ ਵੀ ਜ਼ਾਹਿਰ ਕੀਤਾ। ਰਾਜਨਾਥ ਨੇ ਆਪਣੇ ਬਿਆਨ ਰਾਹੀਂ ਰੂਸ ਦੇ ਨਾਲ-ਨਾਲ ਯੂਕਰੇਨ ਦਾ ਸਮਰਥਨ ਕਰ ਰਹੇ ਪੱਛਮੀ ਦੇਸ਼ਾਂ ਨੂੰ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮਾਣੂ ਬਦਲ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ। ਜ਼ਿਕਰਯੋਗ ਹੈ ਕਿ ਯੂਕਰੇਨ ਕੋਲ ਕੋਈ ਪਰਮਾਣੂ ਹਥਿਆਰ ਨਹੀਂ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਿਛਲੇ ਮਹੀਨੇ ਚਿਤਾਵਨੀ ਦਿੱਤੀ ਸੀ ਕਿ ਮਾਸਕੋ ਟਕਰਾਅ ਗਹਿਰਾ ਹੋਣ ਦੀ ਸਥਿਤੀ ਵਿਚ ਆਪਣੇ ਖੇਤਰ ਦਾ ਬਚਾਅ ਕਰਨ ਲਈ ਪਰਮਾਣੂ ਹਥਿਆਰਾਂ ਦੇ ਬਦਲ ਦੀ ਵਰਤੋਂ ਕਰ ਸਕਦਾ ਹੈ। ਰਾਜਨਾਥ ਨੇ ਕਿਹਾ ਕਿ ਕਿਸੇ ਵੀ ਧਿਰ ਨੂੰ ਪਰਮਾਣੂ ਬਦਲ ਨਹੀਂ ਅਪਨਾਉਣਾ ਚਾਹੀਦਾ ਕਿਉਂਕਿ ਪਰਮਾਣੂ ਜਾਂ ਰੇਡੀਓਲੌਜੀਕਲ ਹਥਿਆਰਾਂ ਦੇ ਇਸਤੇਮਾਲ ਦੀ ਸੰਭਾਵਨਾ ਮਨੁੱਖਤਾ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਹੈ। ਰਾਜਨਾਥ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਨੇ ਇਸ ਮੌਕੇ ਦੁਵੱਲੇ ਰੱਖਿਆ ਸਹਿਯੋਗ ਬਾਰੇ ਵੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੀ ਟਕਰਾਅ ਦੇ ਹੱਲ ਲਈ ਪੂਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਕਈ ਵਾਰ ਗੱਲਬਾਤ ਕਰ ਚੁੱਕੇ ਹਨ। ਇਸੇ ਦੌਰਾਨ ਰੂਸ ਨੇ ਰਣਨੀਤਕ ਪਰਮਾਣੂ ਅਭਿਆਸ ਵੀ ਆਰੰਭਿਆ ਹੋਇਆ ਹੈ ਜਿਸ ਦੀ ਨਿਗਰਾਨੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕਰ ਰਹੇ ਹਨ। ਯੂਕਰੇਨ ਮਸਲੇ ’ਤੇ ਪੱਛਮ ਨਾਲ ਵਧੇ ਟਕਰਾਅ ਵਿਚਾਲੇ ਰੂਸ ਦੇ ਪਰਮਾਣੂ ਬਲ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗ ਕੇ ਜੰਗੀ ਅਭਿਆਸ ਕਰ ਰਹੇ ਹਨ। ਰੂਸ ਇਸ ਅਭਿਆਸ ਰਾਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਵੀ ਕਰ ਰਿਹਾ ਹੈ। -ਏਪੀ/ਪੀਟੀਆਈ
ਰੂਸੀ ਰੱਖਿਆ ਮੰਤਰੀ ਨੇ ‘ਡਰਟੀ ਬੰਬ’ ਦੀ ਵਰਤੋਂ ਬਾਰੇ ਫ਼ਿਕਰ ਜ਼ਾਹਿਰ ਕੀਤਾ
ਮਾਸਕੋ: ਰੂਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨੂੰ ਯੂਕਰੇਨ ਵੱਲੋਂ ‘ਡਰਟੀ ਬੰਬ’ ਦੀ ਵਰਤੋਂ ਕਰ ਕੇ ਸੰਭਾਵੀ ਭੜਕਾਊ ਕਾਰਵਾਈ ਕੀਤੇ ਜਾਣ ਬਾਰੇ ਆਪਣੀ ਚਿੰਤਾਵਾਂ ਦੱਸੀਆਂ ਹਨ। ਮਾਸਕੋ ਨੇ ਕਿਹਾ ਹੈ ਕਿ ਯੂਕਰੇਨ ਇਕ ਰੇਡੀਓਐਕਟਿਵ ਡਿਵਾਈਸ ‘ਡਰਟੀ ਬੌਂਬ’ ਨੂੰ ਡੇਟੋਨੇਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਇਸ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾ ਕੇ ਫਸਾਇਆ ਜਾਵੇਗਾ। ਰਾਸ਼ਟਰਪਤੀ ਪੂਤਿਨ ਨੇ ਵੀ ਇਸ ਬਾਰੇ ਬਿਆਨ ਜਾਰੀ ਕੀਤਾ ਹੈ। ਰੂਸ ਨੇ ਕਿਹਾ ਕਿ ਯੂਕੇ ਅਤੇ ਯੂਕਰੇਨ ਦੇ ਪ੍ਰਤੀਨਿਧੀ ਪਰਮਾਣੂ ਹਥਿਆਰਾਂ ਲਈ ਤਕਨੀਕੀ ਵਿਕਸਿਤ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਕੋਲ ਵਿਗਿਆਨਕ ਸਮਰੱਥਾ ਹੈ ਤੇ ਉਹ ਅਜਿਹਾ ਕਰ ਸਕਦਾ ਹੈ। ਰਾਜਨਾਥ ਤੋਂ ਇਲਾਵਾ ਸ਼ੋਇਗੂ ਨੇ ਇਸ ਬਾਰੇ ਚੀਨ ਦੇ ਰੱਖਿਆ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ। ਯੂਕਰੇਨ ਨੇ ਦੋਸ਼ਾਂ ਨੂੰ ਨਕਾਰਦਿਆਂ ਰੂਸ ’ਤੇ ਉਲਟੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ।
ਰੂਸ ਵੱਲੋਂ ਯੂਕਰੇਨ ’ਤੇ ਰਾਕੇਟ ਹਮਲੇ ਜਾਰੀ: ਰੂਸ ਨੇ ਯੂਕਰੇਨ ਵਿਚ 40 ਤੋਂ ਵੱਧ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਰਾਕੇਟ ਹਮਲਿਆਂ ’ਚ ਦੋ ਲੋਕ ਮਾਰੇ ਗਏ ਹਨ। ਸਾਇਰਨ ਵੱਜਣ ’ਤੇ ਵੱਡੀ ਗਿਣਤੀ ਲੋਕਾਂ ਨੂੰ ਬੰਕਰਾਂ ਵਿਚ ਸ਼ਰਨ ਲੈਣੀ ਪਈ। ਰੂਸੀ ਬਲਾਂ ਨੇ 100 ਤੋਂ ਵੱਧ ਮਲਟੀਪਲ-ਲਾਂਚ ਰਾਕੇਟ ਯੂਕਰੇਨ ’ਤੇ ਦਾਗੇ ਹਨ। -ਏਪੀ