ਸੰਯੁਕਤ ਰਾਸ਼ਟਰ, 22 ਫਰਵਰੀ
ਰੂਸ-ਯੂਕਰੇਨ ਸਰਹੱਦ ’ਤੇ ਵਧਦੇ ਤਣਾਅ ਉਪਰ ‘ਡੂੰਘੀ ਚਿੰਤਾ’ ਜ਼ਾਹਰ ਕਰਦੇ ਹੋਏ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਕਿਹਾ ਹੈ ਕਿ ਤਣਾਅ ਨੂੰ ਘੱਟ ਕਰਨਾ ਤੁਰੰਤ ਜ਼ਰੂਰੀ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਇਸ ਮੁੱਦੇ ਨੂੰ ਕੂਟਨੀਤਕ ਗੱਲਬਾਤ ਲਈ ਹੱਲ ਕੀਤਾ ਜਾ ਸਕਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਯੂਕਰੇਨ ਦੇ “ਦੋਨੇਤਸਕ ਅਤੇ ਲੁਹਾਂਸਕ ਗਣਰਾਜਾਂ” ਦੀ “ਆਜ਼ਾਦੀ” ਨੂੰ ਮਾਨਤਾ ਦੇਣ ਵਾਲੇ ਆਦੇਸ਼ ‘ਤੇ ਹਸਤਾਖਰ ਕੀਤੇ, ਜਿਸ ਨਾਲ ਖੇਤਰ ਵਿੱਚ ਤਣਾਅ ਵਧ ਗਿਆ। ਉਨ੍ਹਾਂ ਨੇ ਪੂਰਬੀ ਯੂਕਰੇਨ ਵਿੱਚ ਫੌਜਾਂ ਭੇਜਣ ਦਾ ਆਦੇਸ਼ ਵੀ ਦਿੱਤਾ, ਜਿਸ ਨੂੰ “ਸ਼ਾਂਤੀ ਰੱਖਿਅਕ” ਮਿਸ਼ਨ ਵਜੋਂ ਦਰਸਾਇਆ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਟੀਐੱਸ ਤਿਰੁਮੂਰਤੀ ਨੇ ਸੋਮਵਾਰ ਰਾਤ ਸੁਰੱਖਿਆ ਪਰਿਸ਼ਦ ਦੀ ਹੰਗਾਮੀ ਬੈਠਕ ‘ਚ ਕਿਹਾ,‘ਅਸੀਂ ਇਸ ਸਬੰਧ ‘ਚ ਰੂਸੀ ਸੰਘ ਦੁਆਰਾ ਕੀਤੇ ਗਏ ਐਲਾਨ ਸਮੇਤ ਯੂਕਰੇਨ ਦੀ ਪੂਰਬੀ ਸਰਹੱਦ ‘ਤੇ ਹੋਣ ਵਾਲੇ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।’