ਲਖਨਊ, 9 ਜੁਲਾਈ
ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਪਤਨੀ ਸਾਧਨਾ ਗੁਪਤਾ ਦਾ ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਗੁਰੂਗ੍ਰਾਮ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਪਾ ਸੂਤਰਾਂ ਨੇ ਇੱਥੇ ਦੱਸਿਆ ਕਿ ਸਾਧਨਾ ਗੁਪਤਾ ਪਿਛਲੇ ਕੁਝ ਮਹੀਨਿਆਂ ਤੋਂ ਫੇਫੜਿਆਂ ਦੀ ਲਾਗ ਅਤੇ ਕੁਝ ਹੋਰ ਰੋਗਾਂ ਤੋਂ ਪੀੜਤ ਸਨ। ਉਹ ਮੇਦਾਂਤਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਜਿੱਥੇ ਅੱਜ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸਣਯੋਗ ਹੈ ਕਿ ਸਾਧਨਾ ਗੁਪਤਾ ਮੁਲਾਇਮ ਸਿੰਘ ਦੀ ਦੂਜੀ ਪਤਨੀ ਸੀ। ਸ੍ਰੀ ਯਾਦਵ ਦੀ ਪਹਿਲੀ ਪਤਨੀ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਦੀ ਮਾਂ ਮਾਲਤੀ ਦੇਵੀ ਦਾ ਦੇਹਾਂਤ 2003 ਵਿੱਚ ਹੋ ਗਿਆ ਸੀ। ਸਮਾਜਵਾਦੀ ਪਾਰਟੀ ਨੇ ਸਾਧਨਾ ਗੁਪਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪਾਰਟੀ ਮੁਤਾਬਕ ਪਤਨੀ ਦੀ ਮੌਤ ਸਮੇਂ ਮੁਲਾਇਮ ਸਿੰਘ ਯਾਦਵ ਦਿੱਲੀ ਵਿੱਚ ਸਨ ਅਤੇ ਸਾਧਨਾ ਗੁਪਤਾ ਦੀ ਦੇਹ ਲਖਨਊ ਲਿਆਂਦੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਟਵੀਟ ਕਰਦਿਆਂ ਮੁਲਾਇਮ ਸਿੰਘ ਯਾਦਵ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ।