ਸ਼ਿਮਲਾ, 3 ਜਨਵਰੀ
ਹਿਮਾਚਲ ਪ੍ਰਦੇਸ਼ ਪੁਲੀਸ ਨੇ ਬਰਫ਼ਬਾਰੀ ਕਾਰਨ ਰੋਹਤਾਂਗ ਵਿੱਚ ਅਟਲ ਸੁਰੰਗ ਨੇੜੇ ਫਸੇ 300 ਤੋਂ ਵੱਧ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਕੁੱਲੂ ਦੇ ਐੱਸਪੀ ਗੌਰਵ ਸਿੰਘ ਨੇ ਦੱਸਿਆ ਕਿ ਕੁਝ ਸੈਲਾਨੀਆਂ ਨੇ ਸ਼ਨਿੱਚਰਵਾਰ ਸਵੇਰੇ ਸੁਰੰਗ ਪਾਰ ਕਰ ਲਈ ਸੀ ਪ੍ਰੰਤੂ ਸ਼ਾਮ ਵੇਲੇ ਉਨ੍ਹਾਂ ਨੂੰ ਲਾਹੌਲ ਵਿੱਚ ਬਰਫ਼ਬਾਰੀ ਕਾਰਨ ਕਿਤੇ ਲਾਂਘਾ ਨਾ ਮਿਲਿਆ, ਜਿਸ ਕਾਰਨ ਉਹ ਮਨਾਲੀ ਪਰਤਦੇ ਸਮੇਂ ਰਾਹ ਵਿੱਚ ਹੀ ਫਸ ਗਏ। ਲਾਹੌਲ-ਸਪਿਤੀ ਪੁਲੀਸ ਨੇ ਕੁੱਲੂ ਪੁਲੀਸ ਦੇ ਸਹਿਯੋਗ ਨਾਲ ਸ਼ਾਮ ਵੇਲੇ ਵਾਹਨਾਂ ਨੂੰ ਸੁਰੰਗ ਰਾਹੀਂ ਭੇਜਿਆ। ਸਿੰਘ ਨੇ ਦੱਸਿਆ ਕਿ ਇਹ ਵਾਹਨ ਬਰਫ਼ਬਾਰੀ ਅਤੇ ਸੜਕ ’ਤੇ ਤਿਲਕਣ ਹੋਣ ਕਾਰਨ ਮਨਾਲੀ ਦੇ ਰਸਤੇ ’ਤੇ ਫਸੇ ਹੋਏ ਸਨ। ਇਨ੍ਹਾਂ ਨੂੰ ਕੱਢਣ ਲਈ ਕਰੀਬ 70 ਵਾਹਨ ਲਾਏ ਗਏ, ਜਿਨ੍ਹਾਂ ਵਿੱਚ 48 ਸੀਟਾਂ ਵਾਲੀ ਬੱਸ, 24 ਸੀਟਾਂ ਦੀ ਪੁਲੀਸ ਬੱਸ ਅਤੇ ਇੱਕ ਪੁਲੀਸ ਕੁਇੱਕ ਰਿਐਕਸ਼ਨ ਟੀਮ ਤਾਇਨਾਤ ਕੀਤੀ ਗਈ। ਕੁੱਲੂ ਦੇ ਐੱਸਪੀ ਨੇ ਦੱਸਿਆ ਕਿ ਮਨਾਲੀ ਦੇ ਡੀਐੱਸਪੀ ਅਤੇ ਐੱਸਐੱਚਓ ਇਸ ਰਾਹਤ ਅਪਰੇਸ਼ਨ ਵਿੱਚ ਸ਼ਾਮਲ ਸਨ, ਜਿਨ੍ਹਾਂ ਦਾ ਬਾਅਦ ਵਿੱਚ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਵੀ ਸਾਥ ਦਿੱਤਾ। ਫਸੇ ਹੋਏ ਯਾਤਰੀਆਂ ਨੂੰ ਢੁੰਡੀ ਅਤੇ ਸੁਰੰਗ ਦੇ ਦੱਖਣੀ ਪੋਰਟਲ ਤੋਂ ਅੱਧੀ ਰਾਤ ਦੇ ਕਰੀਬ 12:30 ਵਜੇ ਤੱਕ ਕੱਢਿਆ ਗਿਆ ਅਤੇ ਮਨਾਲੀ ਵਿੱਚ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਗਿਆ। -ਪੀਟੀਆਈ
ਅਟਲ ਸੁਰੰਗ ’ਚ ਕਾਂਸਟੇਬਲ ਵਲੋਂ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ
ਸ਼ਿਮਲਾ: ਰੋਹਤਾਂਗ ਦੀ ਅਟਲ ਸੁਰੰਗ ਵਿੱਚ ਪੁਲੀਸ ਕਾਂਸਟੇਬਲ ਅਤੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ ਕੁਝ ਜਵਾਨਾਂ ਵਲੋਂ ਇੱਕ ਵਿਅਕਤੀ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਇਸ ਸਬੰਧੀ ਹਿਮਾਚਲ ਪ੍ਰਦੇਸ਼ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਨਿਚਰਵਾਰ ਦੀ ਹੈ। 1.8 ਮਿੰਟ ਦੀ ਇਸ ਵੀਡੀਓ ਵਿੱਚ ਇੱਕ ਵਿਅਕਤੀ ਮੁਰਗਾ ਬਣਿਆ ਹੋਇਆ ਹੈ, ਜਿਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ। -ਪੀਟੀਆਈ