ਲੰਡਨ, 25 ਅਕਤੂਬਰ
ਮੁੱਖ ਅੰਸ਼
- ਕੈਬਨਿਟ ਦੇ ਗਠਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ
- ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਦਿੱਤੀ ਵਧਾਈ
ਕੰਜ਼ਰਵੇਟਿਵ ਪਾਰਟੀ ਦੇ ਨਵੇਂ ਆਗੂ ਰਿਸ਼ੀ ਸੂਨਕ ਨੇ ਅੱਜ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਅਹੁਦਾ ਸੰਭਾਲਣ ਤੋਂ ਪਹਿਲਾਂ ਸੂਨਕ ਨੇ ਬਰਤਾਨੀਆ ਦੇ ਸਮਰਾਟ ਚਾਰਲਸ 3 ਨਾਲ ਰਸਮੀ ਮੁਲਾਕਾਤ ਵੀ ਕੀਤੀ। ਉਧਰ ਅਹੁਦਾ ਛੱਡ ਰਹੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਬਕਿੰਘਮ ਪੈਲੇਸ ਜਾ ਕੇ ਆਪਣਾ ਅਸਤੀਫ਼ਾ ਸਮਰਾਟ ਨੂੰ ਸੌਂਪਣ ਤੋਂ ਪਹਿਲਾਂ ਅੱਜ ਸਵੇਰੇ 10 ਡਾਊਨਿੰਗ ਸਟਰੀਟ ਵਿੱਚ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਟਰੱਸ ਨੇ ਆਪਣੀ ਅਧਿਕਾਰਤ ਰਿਹਾਇਸ਼ ਦੇ ਬਾਹਰ ਆਖਰੀ ਸੰਬੋਧਨ ਵਿੱਚ ਸੂਨਕ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਧਰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਟਵੀਟ ਕਰਕੇ ਸੂਨਕ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਅਹੁਦਾ ਸੰਭਾਲਣ ਤੋਂ ਫੌਰੀ ਮਗਰੋਂ ਸੂਨਕ ਨੇ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਵੀ ਕੀਤੀਆਂ।
ਇਸ ਤੋਂ ਪਹਿਲਾਂ ਪੈਲੇਸ ’ਚੋਂ ਟਰੱਸ ਦੀ ਰਵਾਨਗੀ ਮਗਰੋਂ ਸੂਨਕ ਉਥੇ ਪੁੱਜੇ ਤੇ ਉਨ੍ਹਾਂ ਸਮਰਾਟ ਨਾਲ ਮੁਲਾਕਾਤ ਕੀਤੀ। ਸਮਰਾਟ ਚਾਰਲਸ ਨੇ ਸੂਨਕ ਨੂੰ ਯੂਕੇ ਦੇ 57ਵੇਂ ਪ੍ਰਧਾਨ ਮੰਤਰੀ ਵਜੋਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਪਿਛਲੇ ਛੇ ਹਫ਼ਤਿਆਂ ਵਿੱਚ ਦੂਜੀ ਵਾਰ ਜਦੋਂ ਕਿ ਇਸ ਸਾਲ ਵਿੱਚ ਤੀਜਾ ਮੌਕਾ ਹੈ ਜਦੋਂ ਯੂਕੇ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਿਆ ਹੈ। 42 ਸਾਲਾ ਸੂਨਕ ਟਰੱਸ ਤੋਂ ਪਹਿਲਾਂ ਬੋਰਿਸ ਜੌਹਨਸਨ ਦੀ ਸਰਕਾਰ ਵਿੱਚ ਵਿੱਤ ਮੰਤਰੀ ਸਨ। ਸੂਨਕ, ਜੋ ਹਿੰਦੂ ਧਰਮ ਨਾਲ ਸਬੰਧ ਰੱਖਦੇ ਹਨ, ਪਿਛਲੇ 210 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਉਹ ਦੇਸ਼ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਵੀ ਹਨ। ਸੂਨਕ ਨੇ ਸੋੋਮਵਾਰ ਨੂੰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਮਨੋਨੀਤ ਕੀਤੇ ਜਾਣ ਮਗਰੋਂ ਆਪਣੇ ਪਲੇਠੇ ਸੰਬੋਧਨ ਵਿੱਚ ਕਿਹਾ ਸੀ, ‘‘ਯੂਕੇ ਮਹਾਨ ਦੇਸ਼ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਨੂੰ ਵੱਡੀ ਆਰਥਿਕ ਚੁਣੌਤੀ ਦਰਪੇਸ਼ ਹੈ।
ਸਾਨੂੰ ਹੁਣ ਸਥਿਰਤਾ ਤੇ ਇਕਜੁੱਟਤਾ ਦੀ ਲੋੜ ਹੈ ਅਤੇ ਮੈਂ ਆਪਣੀ ਪਾਰਟੀ ਤੇ ਆਪਣੇ ਮੁਲਕ ਨੂੰ ਇਕਜੁੱਟ ਕਰਨ ਨੂੰ ਆਪਣੀ ਸਿਖਰਲੀ ਤਰਜੀਹ ਬਣਾਵਾਂਗਾ; ਕਿਉਂਕਿ ਇਹੀ ਇਕ ਤਰੀਕਾ ਹੈ, ਜਿਸ ਨਾਲ ਅਸੀਂ ਸਾਨੂੰ ਦਰਪੇਸ਼ ਚੁਣੌਤੀਆਂ ਦੇ ਟਾਕਰੇ ਦੇ ਨਾਲ ਆਪਣੇ ਬੱਚਿਆਂ ਤੇ ਅੱਗੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਧੇਰੇ ਖ਼ੁਸ਼ਹਾਲ ਤੇ ਬਿਹਤਰ ਬਣਾ ਸਕਦੇ ਹਾਂ।’’
ਦੀਵਾਲੀ ਮੌਕੇ ਸੂਨਕ ਦੀ ਜਿੱਤ ਯੂਕੇ ਵਿੱਚ ਰਹਿੰਦੇ ਭਾਰਤੀ ਪਰਵਾਸੀ ਭਾਈਚਾਰੇ ਲਈ ਵੀ ਖਾਸ ਹੈ, ਜਿਨ੍ਹਾਂ ਇਸ ਨੂੰ ਬਰਤਾਨਵੀ ਸਮਾਜ ਦੇ ਇਤਿਹਾਸ ਦਾ ‘ਇਤਿਹਾਸਕ ਪਲ’ ਕਰਾਰ ਦਿੱਤਾ ਹੈ। ਰਿਸ਼ੀ ਸੂਨਕ ਦਾ ਜਨਮ 1980 ਵਿੱਚ ਸਾਊਥੈਂਪਟਨ ਵਿੱਚ ਹੋਇਆ ਸੀ। ਪਹਿਲਾਂ ਜੌਹਨਸਨ ਤੇ ਫਿਰ ਟਰੱਸ ਵੱਲੋਂ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਮਗਰੋਂ ਭਾਰਤੀ ਮੂਲ ਦੇ ਸੂਨਕ ਇਸ ਦੌੜ ਵਿੱਚ ਮੋਹਰੀ ਸਨ।
ਯੂਕੇ ਨੂੰ ਵਿੱਤੀ ਸੰਕਟ ’ਚੋਂ ਬਾਹਰ ਕੱਢਣਾ ਤੇ ਵੰਡੀ ਹੋਈ ਕੰਜ਼ਰਵੇਟਿਵ ਪਾਰਟੀ ਨੂੰ ਇਕਜੁੱਟ ਕਰਨਾ, ਸੂਨਕ ਲਈ ਦੋ ਅਹਿਮ ਚੁਣੌਤੀਆਂ ਹੋਣਗੀਆਂ। -ਪੀਟੀਆਈ
ਹੰਟ ਵਿੱਤ ਮੰਤਰੀ ਤੇ ਕਲੈਵਰਲੀ ਵਿਦੇਸ਼ ਮੰਤਰੀ ਬਣੇ ਰਹਿਣਗੇ
ਲੰਡਨ: ਯੂਕੇ ਨੂੰ ਆਰਥਿਕ ਫਰੰਟ ’ਤੇ ਸਥਿਰ ਰੱਖਣ ਲਈ ਸੂਨਕ ਨੇ ਆਪਣੀ ਨਵੀਂ ਕੈਬਨਿਟ ਵਿੱਚ ਜੈਰੇਮੀ ਹੰਟ ਨੂੰ ਵਿੱਤ ਮੰਤਰੀ ਵਜੋਂ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਜੇਮਸ ਕਲੈਵਰਲੀ, ਜੋ ਸੂਨਕ ਦੇ ਵਫ਼ਾਦਾਰਾਂ ਦੀ ਸੂਚੀ ਵਿੱਚ ਸ਼ੁਮਾਰ ਨਹੀ ਹਨ, ਵੀ ਵਿਦੇਸ਼ ਮੰਤਰੀ ਬਣੇ ਰਹਿਣਗੇ। ਡੋਮੀਨਿਕ ਰੌਬ, ਜੋ ਬੋਰਿਸ ਜੌਹਨਸਨ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਤੇ ਨਿਆਂ ਮੰਤਰੀ ਸਨ, ਸੂਨਕ ਦੀ ਅਗਵਾਈ ਵਾਲੀ ਕੈਬਨਿਟ ’ਚ ਇਨ੍ਹਾਂ ਦੋਵਾਂ ਅਹੁਦਿਆਂ ’ਤੇ ਵਾਪਸੀ ਕਰ ਸਕਦੇ ਹਨ। ਸਟੀਵ ਬਰਕਲੇ ਨੂੰ ਸਿਹਤ ਮੰਤਰੀ ਬਣਾਇਆ ਗਿਆ। ਉਂਜ ਸੂਨਕ ਵੱਲੋਂ 10 ਡਾਊਨਿੰਗ ਸਟਰੀਟ ਦਾ ਚਾਰਜ ਲੈਣ ਮਗਰੋਂ ਲਿਜ਼ ਟਰੱਸ ਤੇ ਬੋਰਿਸ ਜੌਹਨਸਨ ਧੜਿਆਂ ਨਾਲ ਸਬੰਧਤ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ। -ਪੀਟੀਆਈ
ਟਰੱਸ ਵੱਲੋਂ ਕੀਤੀਆਂ ਗ਼ਲਤੀਆਂ ਸੁਧਾਰਨ ਲਈ ਮੇਰੀ ਚੋਣ ਹੋਈ: ਸੂਨਕ
ਲੰਡਨ: ਬਰਤਾਨੀਆ ਦੇ ਨਵਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਕਿਹਾ ਕਿ ਉਹ ਆਪਣੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਲਿਜ਼ ਟਰੱਸ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਨ ਲਈ ਹੀ ਚੁਣੇ ਗਏ ਹਨ। ਸੂਨਕ ਨੇ ਕਿਹਾ, ‘‘ਇਰਾਦਾ ਚੰਗਾ ਸੀ ਜਾਂ ਮਾੜਾ, ਪਰ ਕੁਝ ਗਲਤੀਆਂ ਤਾਂ ਹੋਈਆਂ ਹਨ; ਇਨ੍ਹਾਂ ਗ਼ਲਤੀਆਂ ਨੂੰ ਸੁਧਾਰਨ ਲਈ ਹੀ ਮੈਨੂੰ ਮੇਰੀ ਪਾਰਟੀ ਦਾ ਆਗੂ ਤੇ ਤੁਹਾਡਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।’’ ਸੂਨਕ ਨੇ ਵਾਅਦਾ ਕੀਤਾ ਕਿ ਉਹ ਆਪਣੀ ਸਰਕਾਰ ਦੇ ‘ਆਰਥਿਕ ਸਥਿਰਤਾ ਤੇ ਵਿਸ਼ਵਾਸ’ ਦੇ ਏਜੰਡੇ ਨੂੰ ਹਰ ਹਾਲ ਪੂਰਾ ਕਰਨਗੇ। ਬੈਂਕ ਨਿਵੇਸ਼ਕ ਤੋਂ ਸਿਆਸਤਦਾਨ ਬਣੇ ਸੂਨਕ ਨੇ ਇਥੇ ਆਪਣੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟਰੀਟ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ‘ਡੂੰਘੇ ਵਿੱਤੀ ਸੰਕਟ’ ਦਾ ਪੂਰੀ ਰਹਿਮਦਿਲੀ ਨਾਲ ਟਾਕਰਾ ਕਰਨਗੇ ਅਤੇ ‘ਨੇਕਨੀਅਤ, ਪੇਸ਼ੇਵਰਾਨਾ ਤੇ ਜਵਾਬਦੇਹ’ ਸਰਕਾਰ ਦੀ ਅਗਵਾਈ ਕਰਨਗੇ। ਸੂਨਕ ਨੇ ਕਿਹਾ ਕਿ ਜਦੋਂ ਉਹ ਵਿੱਤ ਮੰਤਰੀ ਸਨ, ਉਨ੍ਹਾਂ ‘ਲੋਕਾਂ ਤੇ ਉਨ੍ਹਾਂ ਦੇ ਕਾਰੋਬਾਰਾਂ ਦੀ ਸੁਰੱਖਿਆ’ ਲਈ ਹਰ ਸੰਭਵ ਕਦਮ ਪੁੱਟਿਆ। ਨਵੇਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਰ ’ਤੇ ਕਰਜ਼ੇ ਦੀ ਪੰਡ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ, ‘‘ਮੈਂ ਆਪਣੇ ਦੇਸ਼ ਨੂੰ ਸਿਰਫ਼ ਗੱਲੀਂ ਬਾਤੀਂ ਨਹੀਂ ਬਲਕਿ ਅਮਲੀ ਕਾਰਵਾਈ ਨਾਲ ਇਕਜੁੱਟ ਰੱਖਾਂਗਾ। ਮੈਂ ਦਿਨ ਰਾਤ ਇਕ ਕਰ ਦਿਆਂਗਾ।’’ -ਪੀਟੀਆਈ
ਮੈਨੂੰ ਰਿਸ਼ੀ ’ਤੇ ਮਾਣ ਹੈ: ਨਰਾਇਣ ਮੂਰਤੀ
ਨਵੀਂ ਦਿੱਲੀ: ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਤੇ ਆਪਣੇ ਜਵਾਈ ਰਿਸ਼ੀ ਸੂਨਕ ’ਤੇ ਮਾਣ ਹੈ। ਮੂਰਤੀ ਨੇ ਕਿਹਾ, ‘‘ਰਿਸ਼ੀ ਨੂੰ ਵਧਾਈਆਂ। ਸਾਨੂੰ ਉਸ ’ਤੇ ਮਾਣ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਉਸ ਨੂੰ ਅੱਗੋਂ ਵੀ ਸਫ਼ਲਤਾ ਮਿਲੇ। ਸਾਨੂੰ ਪੂਰਾ ਯਕੀਨ ਹੈ ਕਿ ਉਹ ਯੂਨਾਈਟਿਡ ਕਿੰਗਡਮ ਦੇ ਲੋਕਾਂ ਲਈ ਆਪਣਾ ਸਭ ਤੋਂ ਬਿਹਤਰੀਨ ਦੇਵੇਗਾ।’’ ਫਾਰਮਾਸਿਸਟ ਮਾਂ ਡਾਕਟਰ ਪਿਤਾ ਦਾ ਪੁੱਤਰ ਸੂਨਕ ਇੰਗਲੈਂਡ ਦੇ ਮਕਬੂਲ ਸਕੂਲਾਂ ’ਚੋਂ ਇਕ, ਵਿੰਚੈਸਟਰ ਵਿੱਚ ਪੜ੍ਹਿਆ ਤੇ ਮਗਰੋਂ ਆਕਸਫ਼ੋਰਡ ਗਿਆ। ਉਸ ਨੇ ਤਿੰਨ ਸਾਲ ਗੋਲਡਮੈਨ ਸੈਸ਼ਜ਼ ਗਰੁੱਪ ਇੰਕ. ਵਿੱਚ ਵੀ ਲਾਏ ਤੇ ਕੈਲੀਫੋਰਨੀਆ ਦੇ ਸਟੈਨਫੋਰਡ ਤੋਂ ਐੱਮਬੀਏ ਕੀਤੀ। ਇਥੇ ਪੜ੍ਹਦਿਆਂ ਹੀ ਸੂਨਕ ਦੀ ਮੁਲਾਕਾਤ ਇਨਫੋਸਿਸ ਦੇ ਸਹਿ-ਬਾਨੀ ਨਰਾਇਣ ਮੂਰਤੀ ਦੀ ਧੀ ਅਕਸ਼ਤਾ ਮੂਰਤੀ ਨਾਲ ਹੋਈ। ਦੋਵਾਂ ਨੇ 2009 ਵਿਚ ਵਿਆਹ ਕਰਵਾਇਆ ਤੇ ਇਸ ਜੋੜੀ ਦੇ ਦੋ ਧੀਆਂ ਕ੍ਰਿਸ਼ਨਾ ਤੇ ਅਨੁਸ਼ਕਾ ਹਨ। -ਪੀਟੀਆਈ
ਭਾਰਤ-ਯੂਕੇ ਮੁਫ਼ਤ ਵਪਾਰ ਸਮਝੌਤੇ ਨੂੰ ਮਿਲੇਗੀ ਰਫ਼ਤਾਰ
ਲੰਡਨ/ਨਵੀਂ ਦਿੱਲੀ: ਮਾਹਿਰਾਂ ਦਾ ਮੰਨਣਾ ਹੈ ਕਿ ਬਰਤਾਨਵੀ ਸਰਕਾਰ ਦੀ ਕਮਾਨ ਭਾਰਤੀ ਮੂਲ ਦੇ ਰਿਸ਼ੀ ਸੂਨਕ ਹੱਥ ਆਉਣ ਨਾਲ ਭਾਰਤ-ਯੂਕੇ ਮੁਫ਼ਤ ਵਪਾਰ ਸਮਝੌਤਾ, ਜਿਸ ਨੂੰ ਪਹਿਲਾਂ ਦੀਵਾਲੀ ਤੱਕ ਅਮਲ ਵਿੱਚ ਲਿਆਂਦਾ ਜਾਣਾ ਸੀ, ਨੂੰ ਰਫ਼ਤਾਰ ਮਿਲੇਗੀ। ਮਾਹਿਰਾਂ ਨੇ ਸੂਨਕ ਦੀ ਨਿਯੁਕਤੀ ਨੂੰ ਭਾਰਤ ਲਈ ਸ਼ੁਭ ਸ਼ਗਨ ਦੱਸਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਕੇ ਵਿੱਚ ਸਿਆਸੀ ਸਥਿਰਤਾ ਨਾਲ ਸਮਝੌਤੇ ਬਾਰੇ ਗੱਲਬਾਤ ਮੁੜ ਰਫ਼ਤਾਰ ਫੜੇਗੀ। ਕਾਬਿਲੇਗੌਰ ਹੈ ਕਿ ਦੋਵਾਂ ਮੁਲਕਾਂ ਨੇ ਮੁਫ਼ਤ ਵਪਾਰ ਸਮਝੌਤੇ (ਐੱਫਟੀਏ) ਬਾਰੇ ਗੱਲਬਾਤ ਇਸੇ ਸਾਲ ਜਨਵਰੀ ਵਿੱਚ ਸ਼ੁਰੂ ਕੀਤੀ ਸੀ ਤੇ ਉਦੋਂ ਇਸ ਕਰਾਰ ਨੂੰ ਸਿਰੇ ਚਾੜ੍ਹਨ ਲਈ ਦੀਵਾਲੀ ਤੱਕ ਦੀ ਮਿਆਦ ਨਿਰਧਾਰਿਤ ਕੀਤੀ ਗਈ ਸੀ। ਹਾਲਾਂਕਿ ਸਹਿਮਤੀ ਦੀ ਘਾਟ ਕਰਕੇ ਦੋਵੇਂ ਧਿਰਾਂ ਸਮਝੌਤੇ ਨੂੰ ਕਿਸੇ ਤਣ-ਪੱਤਣ ਨਹੀਂ ਲਾ ਸਕੀਆਂ। ਜੌਹਨਸਨ ਸਰਕਾਰ ’ਚ ਵਿੱਤ ਮੰਤਰੀ ਰਹੇ ਸੂਨਕ ਨੇ ਉਦੋਂ ਐੱਫਟੀਏ ਨੂੰ ਹਮਾਇਤ ਦਿੰਦਿਆਂ ਕਿਹਾ ਸੀ ਕਿ ਉਹ ਇਸ ਕਰਾਰ ਨੂੰ ਦੋਵਾਂ ਮੁਲਕਾਂ ਲਈ ਫਿਨਟੈੱਕ ਤੇ ਇੰਸ਼ੋਰੈਂਸ ਖੇਤਰ ਵਿੱਚ ਵੱਡੇ ਮੌਕਿਆਂ ਵਜੋਂ ਵੇਖਦੇ ਹਨ। ਮਾਹਿਰਾਂ ਮੁਤਾਬਕ ਯੂਕੇ ਵਿੱਚ ਹੁਣ ਸਿਆਸੀ ਸਥਿਰਤਾ ਨਾਲ ਕਰਾਰ ਬਾਰੇ ਗੱਲਬਾਤ ਦਾ ਅਮਲ ਰਫ਼ਤਾਰ ਫੜੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਐੱਫਟੀਏ ਸਦਕਾ 2030 ਤੱਕ ਦੋਵਾਂ ਮੁਲਕਾਂ ਵਿੱਚ ਦੁਵੱਲਾ ਵਪਾਰ ਲਗਪਗ ਦੁੱਗਣਾ ਹੋਣ ਦੇ ਅਸਾਰ ਹਨ। ਸਾਲ 2021-22 ਵਿੱਚ ਭਾਰਤ ਤੇ ਯੂਕੇ ਦਰਮਿਆਨ ਕੁੱਲ 17.5 ਅਰਬ ਡਾਲਰ ਦਾ ਵਪਾਰ ਹੈ। ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਉਪ ਚੇਅਰਮੈਨ ਖ਼ਾਲਿਦ ਖ਼ਾਨ ਨੇ ਕਿਹਾ, ‘‘ਸੂਨਕ ਦਾ ਪ੍ਰਧਾਨ ਮੰਤਰੀ ਬਣਨਾ, ਭਾਰਤ ਲਈ ਸਕਾਰਾਤਮਕ ਖ਼ਬਰ ਹੈ। ਇਸ ਪੇਸ਼ਕਦਮੀ ਨਾਲ ਐੱਫਟੀਏ ਬਾਰੇ ਗੱਲਬਾਤ ਯਕੀਨੀ ਤੌਰ ’ਤੇ ਰਫ਼ਤਾਰ ਫੜੇਗੀ।’’ ਉਧਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਬਿਸਵਾਜੀਤ ਧਰ ਨੇ ਕਿਹਾ ਕਿ ਯੂਕੇ ਦੇ ਨਵੇਂ ਪ੍ਰਧਾਨ ਮੰਤਰੀ ਪਹਿਲਾਂ ਘਰੇਲੂ ਮੁੱਦਿਆਂ ਨੂੰ ਮੁਖਾਤਬਿ ਹੁੰਦਿਆਂ ਅਰਥਚਾਰੇ ਨੂੰ ਪੈਰਾਂ ਸਿਰ ਕਰਨਗੇ। ਧਰ ਨੇ ਕਿਹਾ, ‘‘ਜਦੋਂ ਸੰਕਟ ਦੀ ਘੜੀ ਹੋਵੇ, ਉਦੋਂ ਵਪਾਰ ਸਮਝੌਤੇ ਨਹੀਂ ਹੁੰਦੇ। ਕਰਾਰ ਹੁੰਦੇ ਹਨ…ਜਦੋਂ ਅਰਥਚਾਰਾਂ ਲੀਹਾਂ ’ਤੇ ਹੋਵੇੇ।’’ -ਪੀਟੀਆਈ
ਸੂਨਕ ਦੀ ਨਿਯੁਕਤੀ ‘ਅਹਿਮ ਪ੍ਰਾਪਤੀ’: ਸਾਬਕਾ ਭਾਰਤੀ ਹਾਈ ਕਮਿਸ਼ਨਰ
ਨਵੀਂ ਦਿੱਲੀ: ਯੂਕੇ ਵਿੱਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਰੁਚੀ ਘਣਸ਼ਿਆਮ ਨੇ ਰਿਸ਼ੀ ਸੂਨਕ ਦੀ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਨਿਯੁਕਤੀ ਨੂੰ ‘ਵੱਡੀ ਪ੍ਰਾਪਤੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਉਹ ਯੂਕੇ ਦੇ ਪਹਿਲੇ ‘ਗ਼ੈਰ-ਸ਼ਵੇਤ’ ਪ੍ਰਧਾਨ ਮੰਤਰੀ ਹਨ। ਯੂਕੇ ਪ੍ਰਮੁੱਖ ਤਾਕਤ ਹੈ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਯੂਕੇ ਬਸਤੀਵਾਦੀ ਤਾਕਤ ਵੀ ਰਿਹਾ ਹੈ, ਸੂਨਕ ਦਾ ਪ੍ਰਧਾਨ ਮੰਤਰੀ ਬਣਨਾ ਵੱਡੀ ਪ੍ਰਾਪਤੀ ਹੈ, ਜਿਸ ’ਤੇ ਅਸੀਂ ਸਾਰੇ ਮਾਣ ਕਰ ਸਕਦੇ ਹਾਂ। ਉਹ ਆਪਣੇ ਮੁਲਕ, ਜੋ ਕਿ ਯੂਕੇ ਹੈ, ਦੇ ਹਿੱਤਾਂ ਮੁਤਾਬਕ ਕੰਮ ਕਰਨਗੇ। ਪਰ ਇਹ ਸਾਡੇ ਸਾਰਿਆਂ ਲਈ ਖ਼ੁਸ਼ੀ ਦਾ ਪਲ ਹੈ।’’ -ਏਐੱਨਆਈ