ਕੁਲਦੀਪ ਸਿੰਘ
ਨਵੀਂ ਦਿੱਲੀ, 11 ਮਾਰਚ
ਪੰਜਾਬੀ ਕਹਾਣੀਕਾਰ ਖਾਲਿਦ ਹੁਸੈਨ ਨੂੰ ਅੱਜ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣ’ ਲਈ ਸਾਹਿਤ ਅਕਾਦਮੀ ਸਨਮਾਨ ਨਾਲ ਸਨਮਾਨਿਆ ਗਿਆ। ਦਿੱਲੀ ਦੇ ਕਮਾਨੀ ਆਡੀਟੋਰੀਅਮ ਵਿਚ ਹੋਏ ਸਮਾਗਮ ਵਿਚ ਅਕਾਦਮੀ ਦੇ ਪ੍ਰਧਾਨ ਚੰਦਰ ਸ਼ੇਖਰ ਕੰਬਾਰ ਅਤੇ ਉਪ-ਪ੍ਰਧਾਨ ਮਾਧਵ ਕੌਸ਼ਿਕ ਨੇ ਇਕ ਲੱਖ ਰੁਪਏ, ਪ੍ਰਸੰਸਾ ਪੱਤਰ ਅਤੇ ਅਕਾਦਮੀ ਦੇ ਸਨਮਾਨ ਚਿੰਨ੍ਹ ਨਾਲ ਉਨ੍ਹਾਂ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਖਾਲਿਦ ਹੁਸੈਨ ਦੇ ਹੁਣ ਤੱਕ ਪੰਜਾਬੀ ਵਿਚ ਛੇ ਕਹਾਣੀ ਸੰਗ੍ਰਹਿ, ਇਕ ਜੀਵਨੀ, ਇਕ ਲੇਖਾਂ ਦੀ ਪੁਸਤਕ ਅਤੇ ਤਿੰਨ ਸੰਪਾਦਿਤ ਪੁਸਤਕਾਂ ਛਪ ਚੁਕੀਆਂ ਹਨ। ਉਨ੍ਹਾਂ ਦੀ ਸਵੈ-ਜੀਵਨੀ ‘ਮਾਟੀ ਕੁਦਮ ਕਰੇਂਦੀ ਯਾਰ’ ਪੰਜਾਬੀ ਵਾਰਤਕ ਸਾਹਿਤ ਦਾ ਹਾਸਲ ਸਮਝੀ ਜਾਂਦੀ ਹੈ। ਆਪਣੀ ਠੁੱਕਦਾਰ ਬੋਲੀ ਅਤੇ ਸ਼ੈਲੀ ਕਾਰਣ ਖਾਲਿਦ ਹੁਸੈਨ ਪੂਰਬੀ ਅਤੇ ਪੱਛਮੀ ਦੋਵਾਂ ਪੰਜਾਬਾਂ ਵਿਚ ਮਕਬੂਲ ਹਨ। ਇਸ ਮੌਕੇ ਹਿੰਦੀ ਸਾਹਿਤ ਲਈ ਦਇਆ ਪ੍ਰਕਾਸ਼ ਸਿਨਹਾ, ਉਰਦੂ ਲਈ ਚੰਦਰ ਭਾਨ ਖਯਾਲ, ਅੰਗਰੇਜ਼ੀ ਲਈ ਨਮਿਤਾ ਗੋਖਲੇ, ਸੰਸਕ੍ਰਿਤ ਲਈ ਵਿੰਧੇਸਵਰੀ ਪ੍ਰਸਾਦ ਮਿਸ਼ਰ ‘ਵਿਨਯ’, ਡੋਗਰੀ ਸਾਹਿਤ ਲਈ ਰਾਜ ਰਾਹੀ ਅਤੇ ਕਈ ਹੋਰਨਾਂ ਨੂੰ ਸਾਹਿਤ ਅਕਾਦਮੀ ਸਨਮਾਨ ਪ੍ਰਦਾਨ ਕੀਤੇ ਗਏ। ਸਾਹਿਤ ਅਕਾਦਮੀ ਹਰ ਵਰ੍ਹੇ ਭਾਰਤੀ ਸੰਵਿਧਾਨ ਦੀ ਧਾਰਾ 8 ਵਿਚ ਦਰਜ 22 ਭਾਸ਼ਾਵਾਂ ਸਮੇਤ 24 ਲੇਖਕਾਂ ਨੂੰ ਸਾਲਾਨਾ ਸਨਮਾਨਾਂ ਨਾਲ ਸਨਮਾਨਦੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਰਾਠੀ ਲੇਖਕ ਗਿਆਨਪੀਠ ਸਨਮਾਨ ਜੇਤੂ ਸਾਹਿਤਕਾਰ ਭਾਲਚੰਦ ਨੇਮਾੜੇ ਸ਼ਾਮਲ ਹੋਏ। ਇਹ ਸਨਮਾਨ ਸਾਹਿਤ ਅਕਾਦਮੀ ਦੇ ‘ਫੈਸਟੀਵਲ ਆਫ ਲੈਟਰਜ਼’ ਦੇ ਮੌਕੇ ’ਤੇ ਪ੍ਰਦਾਨ ਕੀਤੇ ਗਏ। ਸਭਿਆਚਾਰਕ ਮਾਮਲਿਆਂ ਬਾਰੇ ਰਾਜ ਮੰਤਰੀ ਅਰਜਨ ਦਾਸ ਮੇਘਵਾਲ ਨੇ ਪ੍ਰਦਰਸ਼ਨੀ ਦਾ ਉਦਘਾਟਨ ਕਰਕੇ ਸਮਾਗਮ ਦਾ ਆਗਾਜ਼ ਕੀਤਾ।