ਚਿਤਰਦੁਰਗਾ, 1 ਸਤੰਬਰ
ਕਰਨਾਟਕ ਪੁਲੀਸ ਨੇ ਲਿੰਗਾਇਤ ਮੱਠ ਦੇ ਸੰਤ ਸ਼ਿਵਮੂਰਤੀ ਮੁਰੂਗਾ ਨੂੰ ਨਾਬਾਲਗਾਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅੱਜ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਪੋਕਸੋ ਐਕਟ ਤਹਿਤ ਕੀਤੀ ਗਈ ਹੈ ਤੇ ਕੇਸ ਵਿੱਚ ਬਲਾਤਕਾਰ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ। ਇਸ ਤੋਂ ਪਹਿਲਾਂ, ਮੈਸੂਰ ਪੁਲੀਸ ਨੇ ਹੋਸਟਲ ਦੀਆਂ ਦੋ ਨਾਬਾਲਗ ਲੜਕੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮੱਠ ਦੇ ਹੋਸਟਲ ਵਾਰਡਨ ਸਮੇਤ ਕੁੱਲ ਪੰਜ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਸੀ। ਕਾਬਿਲੇਗੌਰ ਹੈ ਕਿ ਕਰਨਾਟਕ ਦੀ ਇੱਕ ਅਦਾਲਤ ਨੇ ਸੰਤ ਦੀ ਪੇਸ਼ਗੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ, ਜਿਸ ਮਗਰੋਂ ਇਹ ਗ੍ਰਿਫ਼ਤਾਰ ਹੋਈ ਹੈ।