ਲਖਨਊ, 24 ਜਨਵਰੀ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਮੈਨਪੁਰੀ ਜ਼ਿਲ੍ਹੇ ਦੇ ਕਰਹਲ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਜਦੋਂ ਕਿ ਕੈਰਾਨਾ ਵਿਧਾਨ ਸਭਾ ਹਲਕੇ ਦੇ ਮੌਜੂਦਾ ਵਿਧਾਇਕ ਨਾਹਿਦ ਹਸਨ ਨੂੰ ਭਾਜਪਾ ਦੇ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਸੋਮਵਾਰ ਨੂੰ 159 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਅਬਦੁੱਲਾ ਆਜ਼ਮ ਦਾ ਨਾਂ ਵੀ ਸ਼ਾਮਲ ਹੈ। ਹਾਲ ਹੀ ਵਿੱਚ ਸਪਾ ਵਿੱਚ ਸ਼ਾਮਲ ਹੋਏ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਧਰਮ ਸਿੰਘ ਸੈਣੀ ਨੂੰ ਸਹਾਰਨਪੁਰ ਜ਼ਿਲ੍ਹੇ ਦੇ ਨਕੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਰਾਮਪੁਰ ਸੀਟ ਤੋਂ ਸੀਨੀਅਰ ਆਗੂ ਆਜ਼ਮ ਖ਼ਾਨ ਨੂੰ ਮੈਦਾਨ ਵਿੱਚ ਉਤਾਰਿਆ ਦੇ ਜਦੋਂ ਕਿ ਉਸ ਦੇ ਪੁੱਤਰ ਅਬਦੁੱਲਾ ਆਜ਼ਮ ਨੂੰ ਸਵਾਰ ਤੋਂ ਉਮੀਦਵਾਰ ਬਣਾਇਆ ਹੈ। ਅਖਿਲੇਸ਼ ਯਾਦਵ ਦੇ ਚਾਚਾ ਅਤੇ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਦੇ ਪ੍ਰਧਾਨ ਸ਼ਿਵਪਾਲ ਯਾਦਵ ਨੂੰ ਇਟਾਵਾ ਜ਼ਿਲ੍ਹੇ ਦੇ ਜਸਵੰਤਨਗਰ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 7 ਗੇੜਾਂ ਵਿੱਚ 10 ਫਰਵਰੀ ਤੋਂ 7 ਮਾਰਚ ਵਿਚਾਲੇ ਹੋਣਗੀਆਂ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। -ਏਜੰਸੀ