ਫਿਰੋਜ਼ਾਬਾਦ, 17 ਫਰਵਰੀ
ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੋ ਗੇੜਾਂ ’ਚ ਹੀ ‘ਸੈਂਕੜਾ’ ਜੜ ਦਿੱਤਾ ਹੈ ਅਤੇ ਚੌਥੇ ਗੇੜ ਤੱਕ ਉਨ੍ਹਾਂ ਕੋਲ ਸਰਕਾਰ ਬਣਾਉਣ ਲਈ ਬਹੁਮਤ ਹੋਵੇਗਾ। ਸੂਬੇ ’ਚ ਚੋਣਾਂ ਦੇ ਦੋ ਗੇੜਾਂ ਦੌਰਾਨ 113 ਸੀਟਾਂ ’ਤੇ ਵੋਟਿੰਗ ਹੋਈ ਹੈ। ਚੋਣਾਂ ਦੇ 20 ਅਤੇ 23 ਫਰਵਰੀ ਨੂੰ ਹੋਣ ਵਾਲੇ ਤੀਜੇ ਤੇ ਚੌਥੇ ਗੇੜ ’ਚ 59-59 ਸੀਟਾਂ ’ਤੇ ਵੋਟਾਂ ਪੈਣਗੀਆਂ। ਇਥੇ ਨਸੀਰਪੁਰ ਇਲਾਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫਿਰੋਜ਼ਾਬਾਦ ਦੇ ਲੋਕ ਇਸ ਵਾਰ ਭਾਜਪਾ ਦੀਆਂ ਅੱਖਾਂ ਖੋਲ੍ਹ ਦੇਣਗੇ। ਫਿਰੋਜ਼ਾਬਾਦ ਸੀਟ ’ਤੇ ਵੋਟਿੰਗ ਤੀਜੇ ਗੇੜ ’ਚ ਹੋਣੀ ਹੈ। ਅਖਿਲੇਸ਼ ਨੇ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ’ਚ ਜਾਤ ਆਧਾਰਿਤ ਜਨਗਣਨਾ ਕਰਾਉਣ ਅਤੇ ਸਾਰੀਆਂ ਜਾਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣ ਦਾ ਵੀ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ,‘‘ਇਹ ਚੋਣਾਂ ਜਮਹੂਰੀਅਤ, ਬਾਬਾ ਸਾਹੇਬ ਅੰਬੇਦਕਰ ਦਾ ਸੰਵਿਧਾਨ, ਪੱਛੜਿਆਂ, ਦਲਿਤਾਂ ਅਤੇ ਘੱਟ ਗਿਣਤੀਆਂ ਦਾ ਮਾਣ ਬਚਾਉਣ ਲਈ ਹਨ ਜਿਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ ਹੈ।’’
ਅਖਿਲੇਸ਼ ਨੇ ਕਿਹਾ ਕਿ ਅਪਰਾਧੀ ਉਹ ਹਨ, ਜੋ ਮਾਫ਼ੀਆ ਡਾਨ ਨੂੰ ਕ੍ਰਿਕਟ ਖੇਡਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਡਾਨ ਤੋਂ ਸਿਆਸਤਦਾਨ ਬਣੇ ਆਗੂ ਦੀਆਂ ਪੂਰਬੀ ਯੂਪੀ ’ਚ ਕ੍ਰਿਕਟ ਖੇਡਣ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਹਵਾਲਾ ਵੀ ਦਿੱਤਾ। ਭਾਜਪਾ ’ਤੇ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ,‘‘ਛੋਟੇ ਆਗੂ ਛੋਟਾ ਝੂਠ ਬੋਲਦੇ ਹਨ ਜਦਕਿ ਵੱਡੇ ਆਗੂ ਵੱਡੇ ਝੂਠ ਬੋਲ ਰਹੇ ਹਨ ਅਤੇ ਸਭ ਤੋਂ ਵੱਡਾ ਆਗੂ ਤਾਂ ਹੋਰ ਵੀ ਵੱਡੇ ਝੂਠ ਬੋਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਹੈ। ਸਮਾਜਵਾਦੀ ਪਾਰਟੀ ਮੁਖੀ ਨੇ ਲੋਕਾਂ ਨੂੰ ਕਿਹਾ ਕਿ ਉਹ ਯੂਪੀ ਨੂੰ ਬਚਾਉਣ ਲਈ ਸਹਾਇਤਾ ਕਰਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਹਵਾਈ ਅੱਡਿਆਂ, ਟਰੇਨਾਂ ਅਤੇ ਰੇਲਵੇਜ਼ ਸਮੇਤ ਸਾਰਾ ਕੁਝ ਵੇਚ ਰਹੀ ਹੈ। -ਪੀਟੀਆਈ
ਮੁਲਾਇਮ ਨੇ ਕਰਹਲ ’ਚ ਪੁੱਤਰ ਲਈ ਵੋਟ ਮੰਗੇ
ਮੈਨਪੁਰੀ: ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਨੇ ਅੱਜ ਆਪਣੇ ਪੁੱਤਰ ਅਖਿਲੇਸ਼ ਯਾਦਵ ਲਈ ਕਰਹਲ ’ਚ ਪ੍ਰਚਾਰ ਕਰਦਿਆਂ ਲੋਕਾਂ ਤੋਂ ਵੋਟ ਮੰਗੇ। ਉਨ੍ਹਾਂ ਕਰਹਲ ਦੇ ਵੋਟਰਾਂ ਨੂੰ ਕਿਹਾ ਕਿ ਉਹ ਅਖਿਲੇਸ਼ ਦੀ ਵੱਡੇ ਫਰਕ ਨਾਲ ਜਿੱਤ ਯਕੀਨੀ ਬਣਾਉਣ। ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਇਮ ਨੇ ਕਿਹਾ,‘‘ਜੇਕਰ ਸਮਾਜਵਾਦੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਹ ਨੌਜਵਾਨਾਂ ਲਈ ਰੁਜ਼ਗਾਰ ਦਾ ਪ੍ਰਬੰਧ ਕਰੇਗੀ। ਜੇਕਰ ਨੌਜਵਾਨਾਂ ਕੋਲ ਰੋਜ਼ੀ-ਰੋਟੀ ਦਾ ਸਾਧਨ ਨਾ ਹੋਇਆ ਤਾਂ ਉਹ ਆਪਣੇ ਪਰਿਵਾਰਾਂ ਦੀ ਦੇਖਭਾਲ ਕਿਵੇਂ ਕਰ ਸਕਣਗੇ?’’ ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਕਹਿਣੀ ਅਤੇ ਕਰਨੀ ’ਚ ਕੋਈ ਫਰਕ ਨਹੀਂ ਹੈ ਅਤੇ ਉਹ ਲੋਕਾਂ ਨੂੰ ਕਦੇ ਵੀ ਧੋਖਾ ਨਹੀਂ ਦਿੰਦੀ ਹੈ। ਕਰਹਲ ’ਚ ਪਿਤਾ ਦਾ ਸਵਾਗਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਮੁਲਾਇਮ ਸਿੰਘ ਦੀ ਹਾਜ਼ਰੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਹੈ। ਮੈਨਪੁਰੀ ਮੁਲਾਇਮ ਸਿੰਘ ਯਾਦਵ ਦਾ ਸੰਸਦੀ ਹਲਕਾ ਹੈ ਅਤੇ ਅਖਿਲੇਸ਼ ਪਹਿਲੀ ਵਾਰ ਜ਼ਿਲ੍ਹੇ ਦੀ ਕਰਹਲ ਸੀਟ ਤੋਂ ਵਿਧਾਨ ਸਭਾ ਚੋਣ ਲੜ ਰਿਹਾ ਹੈ। -ਆਈਏਐਨਐਸ