ਗੁਰੂਗ੍ਰਾਮ, 10 ਅਕਤੂਬਰ
ਮੁੱਖ ਅੰਸ਼
- ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰ ਆਗੂਆਂ ਨੇ ਦੁੱਖ ਜਤਾਇਆ
ਸਮਾਜਵਾਦੀ ਪਾਰਟੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਮੁਲਾਇਮ ਸਿੰਘ ਯਾਦਵ (82) ਦਾ ਅੱਜ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਨੂੰ ਇਥੋਂ ਦੇ ਮੇਦਾਂਤਾ ਹਸਪਤਾਲ ’ਚ 2 ਅਕਤੂਬਰ ਨੂੰ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਦੱਸਿਆ,‘‘ਮੇਰੇ ਪੂਜਨੀਕ ਪਿਤਾ ਅਤੇ ਸਾਰਿਆਂ ਦੇ ਨੇਤਾਜੀ ਨਹੀਂ ਰਹੇ।’’ ਉਨ੍ਹਾਂ ਦਾ ਅੰਤਿਮ ਸੰਸਕਾਰ ਮੰਗਲਵਾਰ ਬਾਅਦ ਦੁਪਹਿਰ ਤਿੰਨ ਵਜੇ ਯੂਪੀ ਦੇ ਇਟਾਵਾ ਜ਼ਿਲ੍ਹੇ ’ਚ ਜੱਦੀ ਸ਼ਹਿਰ ਸੈਫਈ ’ਚ ਕੀਤਾ ਜਾਵੇਗਾ। ਸਮਾਜਵਾਦੀ ਪਾਰਟੀ ਸੁਪਰੀਮੋ ਦੇ ਸਨਮਾਨ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਯਾਦਵ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੇ ਮੁਲਾਇਮ ਯਾਦਵ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਸਪਤਾਲ ’ਚ ਅਖਿਲੇਸ਼ ਯਾਦਵ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟਾਇਆ। ਕਾਂਗਰਸ ਆਗੂ ਰਾਜੀਵ ਸ਼ੁਕਲਾ ਅਤੇ ਜਨਤਾ ਦਲ (ਯੂ) ਆਗੂ ਕੇ ਸੀ ਤਿਆਗੀ ਨੇ ਵੀ ਹਸਪਤਾਲ ਦਾ ਦੌਰਾ ਕੀਤਾ। ਸੈਫਈ ਦੇ ਕਿਸਾਨ ਪਰਿਵਾਰ ’ਚ 22 ਨਵੰਬਰ, 1939 ’ਚ ਜਨਮੇ ਮੁਲਾਇਮ ਸਿੰਘ ਯਾਦਵ ਨੇ 1996 ਤੋਂ 1998 ਤੱਕ ਰੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ ਜਦਕਿ ਉਹ 1989 ਤੋਂ 91, 1993 ਤੋਂ 95 ਅਤੇ ਫਿਰ 2003 ਤੋਂ 2007 ਤੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ। ਸਮਾਜਵਾਦੀ ਪਾਰਟੀ ਸੁਪਰੀਮੋ 10 ਵਾਰ ਵਿਧਾਇਕ ਅਤੇ ਸੱਤ ਵਾਰ (ਜ਼ਿਆਦਾਤਰ ਮੈਨਪੁਰੀ ਤੇ ਆਜ਼ਮਗੜ੍ਹ) ਸੰਸਦ ਮੈਂਬਰ ਚੁਣੇ ਗਏ ਸਨ। ਸ੍ਰੀ ਮੁਲਾਇਮ ਸਿੰਘ ਯਾਦਵ ਨੇ ਦੋ ਵਿਆਹ ਕਰਵਾਏ ਸਨ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਮਾਲਤੀ ਦੇਵੀ ਅਤੇ ਸਾਧਨਾ ਗੁਪਤਾ ਸਨ। ਅਖਿਲੇਸ਼ ਉਨ੍ਹਾਂ ਦੀ ਪਹਿਲੀ ਪਤਨੀ ਮਾਲਤੀ ਦੇਵੀ ਤੋਂ ਪੁੱਤਰ ਹੈ। ਉਹ ਕਈ ਦਹਾਕਿਆਂ ਤੱਕ ਕੌਮੀ ਆਗੂ ਵਜੋਂ ਵਿਚਰਦੇ ਰਹੇ ਪਰ ਉੱਤਰ ਪ੍ਰਦੇਸ਼ ਉਨ੍ਹਾਂ ਦਾ ‘ਅਖਾੜਾ’ ਰਿਹਾ ਜਿਥੇ ਮੁਲਾਇਮ ਯਾਦਵ ਨੇ ਛੋਟੇ ਹੁੰਦਿਆਂ ਤੋਂ ਹੀ ਆਪਣੀ ਸਿਆਸਤ ਸ਼ੁਰੂ ਕੀਤੀ ਅਤੇ ਉਹ ਸਮਾਜਵਾਦੀ ਆਗੂਆਂ ਰਾਮ ਮਨੋਹਰ ਲੋਹੀਆ ਅਤੇ ਜੈਪ੍ਰਕਾਸ਼ ਨਾਰਾਇਣ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। -ਪੀਟੀਆਈ
ਰਾਹੁਲ ਨੇ ਮੁਲਾਇਮ ਲਈ ਸ਼ੋਕ ਸਭਾ ਕੀਤੀ
ਹਿਰੀਯੁਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਮਾਜਵਾਦੀ ਪਾਰਟੀ ਦੇ ਬਾਨੀ ਮੁਲਾਇਮ ਸਿੰਘ ਯਾਦਵ ਨੂੰ ਅੱਜ ਇਥੇ ਆਪਣੇ ਕੈਂਪ ’ਚ ਸ਼ਰਧਾਂਜਲੀ ਦਿੱਤੀ। ਉਨ੍ਹਾਂ ਪੰਜ ਮਿੰਟ ਦੀ ਸ਼ੋਕ ਸਭਾ ਵੀ ਕੀਤੀ ਅਤੇ ਸ੍ਰੀ ਯਾਦਵ ਦੀ ਯਾਦ ’ਚ ਦੋ ਮਿੰਟ ਦਾ ਮੌਨ ਵੀ ਧਾਰਿਆ। ਉਨ੍ਹਾਂ ਨਾਲ ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ, ਰਣਦੀਪ ਸੁਰਜੇਵਾਲਾ ਅਤੇ ਕਰਨਾਟਕ ਇਕਾਈ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਰਾਹੁਲ ਨੇ ਮੁਲਾਇਮ ਸਿੰਘ ਯਾਦਵ ਨੂੰ ਜ਼ਮੀਨੀ ਪੱਧਰ ਦੀ ਸਿਆਸਤ ਦਾ ਅਸਲ ਯੋਧਾ ਕਰਾਰ ਦਿੰਦਿਆਂ ਅਖਿਲੇਸ਼ ਯਾਦਵ ਸਮੇਤ ਪਰਿਵਾਰ ਨਾਲ ਹਮਦਰਦੀ ਜਤਾਈ ਸੀ। -ਪੀਟੀਆਈ
ਮੁਲਾਇਮ ਦੀ ਦੇਹ ਸੈਫਈ ਪਹੁੰਚੀ
ਇਟਾਵਾ: ਸਮਾਜਵਾਦੀ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੀ ਦੇਹ ਅੱਜ ਸ਼ਾਮ ਉਨ੍ਹਾਂ ਦੇ ਜੱਦੀ ਨਗਰ ਸੈਫਈ ਪਹੁੰਚ ਗਈ ਹੈ। ਉਨ੍ਹਾਂ ਦੀ ਦੇਹ ਨੂੰ ਸੈਫਈ ਮੇਲਾ ਅਸਥਾਨ ’ਤੇ ਦਰਸ਼ਨਾਂ ਲਈ ਰੱਖਿਆ ਗਿਆ ਹੈ ਅਤੇ ਭਲਕੇ ਦੁਪਹਿਰ ਬਾਅਦ ਉਨ੍ਹਾਂ ਦਾ ਸਸਕਾਰ ਹੋਵੇਗਾ। ਐਂਬੂਲੈਂਸ ’ਚੋਂ ਜਦੋਂ ਦੇਹ ਕੱਢੀ ਗਈ ਤਾਂ ਉਥੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਮੁਲਾਇਮ ਸਿੰਘ ਦੇ ਪੁੱਤਰ ਅਖਿਲੇਸ਼ ਯਾਦਵ, ਸਾਬਕਾ ਸੰਸਦ ਮੈਂਬਰ ਧਰਮੇਂਦਰ ਯਾਦਵ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਅਖਿਲੇਸ਼ ਨੂੰ ਚਾਚਾ ਸ਼ਿਵਪਾਲ ਯਾਦਵ ਹੌਸਲਾ ਦਿੰਦੇ ਦਿਖਾਈ ਦਿੱਤੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਭੁਪੇਂਦਰ ਸਿੰਘ ਚੌਧਰੀ ਨੇ ਮੁਲਾਇਮ ਯਾਦਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਅਖਿਲੇਸ਼ ਨਾਲ ਵੀ ਦੁੱਖ ਵੰਡਾਇਆ। ਰੱਖਿਆ ਮੰਤਰੀ ਰਾਜਨਾਥ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਹੋਰ ਆਗੂਆਂ ਦੇ ਇਥੇ ਪਹੁੰਚਣ ਦੀ ਸੰਭਾਵਨਾ ਹੈ। ਜ਼ਿਲ੍ਹੇ ਦੇ ਕਾਰੋਬਾਰੀਆਂ ਨੇ ਭਲਕੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। -ਪੀਟੀਆਈ
ਵੱਖ ਵੱਖ ਆਗੂਆਂ ਨੇ ਮੁਲਾਇਮ ਯਾਦਵ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ
ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦੇ ਸੁਪਰੀਮੋ ਮੁਲਾਇਮ ਸਿੰਘ ਯਾਦਵ ਦੇ ਅੱਜ ਦੇਹਾਂਤ ਮਗਰੋਂ ਵੱਖ ਵੱਖ ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਮੁਲਾਇਮ ਨੂੰ ਕੱਦਾਵਰ ਆਗੂ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੇ ਜਹਾਨ ਤੋਂ ਰੁਖ਼ਸਤ ਹੋਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ। ਅਫ਼ਸੋਸ ਪ੍ਰਗਟਾਉਣ ਵਾਲਿਆਂ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐੱਚ ਡੀ ਦੇਵਗੌੜਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਰਲਾ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ, ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ, ਐੱਨਸੀਪੀ ਮੁਖੀ ਸ਼ਰਦ ਪਵਾਰ, ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਆਰਜੇਡੀ ਆਗੂ ਤੇਜਸਵੀ ਯਾਦਵ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ, ਬਸਪਾ ਸੁਪਰੀਮੋ ਮਾਇਆਵਤੀ, ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ, ਸੀਪੀਐੱਮ ਦੇ ਸੀਤਾਰਾਮ ਯੇਚੁਰੀ ਅਤੇ ਸੀਪੀਆਈ ਆਗੂ ਡੀ ਰਾਜਾ ਸ਼ਾਮਲ ਹਨ। -ਪੀਟੀਆਈ