ਸ਼ਿਮਲਾ, 8 ਨਵੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਪ੍ਰੋਗਰਾਮ ਲਈ ਆਏ ਸਮੋਸੇ ਅਤੇ ਕੇਕ ਉਨ੍ਹਾਂ ਦੇ ਅਮਲੇ ਵੱਲੋਂ ਖਾਣ ਦਾ ਮਾਮਲਾ ਭਖ਼ ਗਿਆ ਹੈ। ਸਰਕਾਰ, ਪੁਲੀਸ ਅਤੇ ਭਾਜਪਾ ਨੇ ਇਸ ਮਾਮਲੇ ’ਤੇ ਬਿਆਨ ਦਿੱਤੇ ਹਨ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਭਾਜਪਾ ਨੇ ਇਹ ਮੁੱਦਾ ਚੁੱਕ ਕੇ ਬਚਗਾਨਾ ਹਰਕਤ ਕੀਤੀ ਹੈ। ਵਿਰੋਧੀ ਧਿਰ ਭਾਜਪਾ ਨੇ ਸਰਕਾਰ ਦੀਆਂ ਤਰਜੀਹਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਦੇਸ਼ ’ਚ ਮਖੌਲ ਦਾ ਪਾਤਰ ਬਣ ਗਈ ਹੈ। ਉਧਰ ਸੀਆਈਡੀ ਨੇ ਕਿਹਾ ਕਿ ਸਮੋਸੇ ਅਤੇ ਕੇਕ ਸਹੀ ਇਨਸਾਨ ਕੋਲ ਨਾ ਪਹੁੰਚਣ ਲਈ ਜ਼ਿੰਮੇਵਾਰ ਵਿਅਕਤੀ ਨੇ ਆਪਣੇ ਏਜੰਡੇ ਤਹਿਤ ਕੰਮ ਕੀਤਾ ਹੈ। ਇਹ ਮਾਮਲਾ 21 ਅਕਤੂਬਰ ਦਾ ਹੈ ਜਦੋਂ ਮੁੱਖ ਮੰਤਰੀ ਨੇ ਸੀਆਈਡੀ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਲਈ ਮੰਗਵਾਏ ਗਏ ਸਮੋਸੇ ਗਲਤੀ ਨਾਲ ਸੁਰੱਖਿਆ ਅਮਲੇ ਨੂੰ ਵੰਡ ਦਿੱਤੇ ਗਏ ਸਨ। ਸੀਆਈਡੀ ਨੇ ਇਸ ਦੀ ਜਾਂਚ ਕੀਤੀ ਤਾਂ ਉਸ ’ਚ ਇਹ ਖ਼ੁਲਾਸਾ ਹੋਇਆ ਸੀ। -ਪੀਟੀਆਈ