ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 11 ਫਰਵਰੀ
ਸੰਯੁਕਤ ਕਿਸਾਨ ਮੋਰਚਾ ਅਗਲੇ ਦਿਨਾਂ ਵਿੱਚ ਪੰਜ ਕਿਸਾਨ ਮਹਾਪੰਚਾਇਤਾਂ ਕਰੇਗਾ। ਮੋਰਚੇ ਦੇ ਕਨਵੀਨਰ ਡਾ.ਦਰਸ਼ਨ ਪਾਲ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ 12 ਫ਼ਰਵਰੀ ਨੂੰ ਬਿਲਾਰੀ (ਮੁਰਾਦਾਬਾਦ) ਤੇ ਪੀਡੀਐੱਮ ਕਾਲਜ ਬਹਾਦਰਗੜ੍ਹ, 18 ਫਰਵਰੀ ਨੂੰ ਰਾਏਸਿੰਘ ਨਗਰ, ਸ੍ਰੀ ਗੰਗਾਨਗਰ, ਰਾਜਸਥਾਨ, 19 ਫ਼ਰਵਰੀ ਨੂੰ ਹਨੂੰਮਾਨਗੜ੍ਹ (ਰਾਜਸਥਾਨ) ਤੇ 23 ਫ਼ਰਵਰੀ ਨੂੰ ਸੀਕਰ (ਰਾਜਸਥਾਨ) ਵਿੱਚ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ਮੋਰਚੇ ਨੇ ਪ੍ਰਧਾਨ ਮੰਤਰੀ ਦੇ ਕਿਸਾਨ ਵਿਰੋਧੀ ਬਿਆਨਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਲੰਘੇ ਦਿਨ ਲੋਕ ਸਭਾ ਵਿੱਚ ਇਹ ਕਹਿਣਾ ਕਿ ਬਿਨਾਂ ਮੰਗ ਕੀਤਿਆਂ ਦੇਸ਼ ਵਿੱਚ ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ, ਇਸ ਤੱਥ ਦੀ ਸ਼ਾਹਦੀ ਭਰਦੇ ਹਨ ਕਿ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਕਦੇ ਵੀ ਮੰਗ ਨਹੀਂ ਕੀਤੀ ਹੈ। ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ‘ਕਰਜ਼ਾ ਮੁਕਤੀ’ ਤੇ ਫਸਲ ਦਾ ਐੱਮਐੱਸਪੀ ਮੁਤਾਬਕ ‘ਪੂਰਾ ਮੁੱਲ’ ਮਿਲਣ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਸਿੰਘੂ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਭਵਿੱਖੀ ਪ੍ਰੋਗਰਾਮਾਂ ਨੂੰ ਲਾਗੂ ਕਰਨ ਬਾਰੇ ਆਪਣੇ ਵਿਚਾਰ ਰੱਖੇ। ਕਿਸਾਨਾਂ ਨੇ ਹਰਿਆਣਾ ਸਰਕਾਰ ਵੱਲੋਂ ਟਿਕਰੀ ਮੋਰਚੇ ’ਤੇ ਸੀਸੀਟੀਵੀ ਲਾਉਣ ਦੀ ਤਜਵੀਜ਼ ਦਾ ਵਿਰੋਧ ਕੀਤਾ। ।