ਚੇਨੱਈ, 3 ਸਤੰਬਰ
ਡੀਐੱਮਕੇ ਯੂਥ ਵਿੰਗ ਦੇ ਸਕੱਤਰ ਤੇ ਤਾਮਿਲਨਾਡੂ ਦੇ ਨੌਜਵਾਨ ਭਲਾਈ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਕਿ ਸਨਾਤਨ ਧਰਮ ਕਥਿਤ ਬਰਾਬਰੀ ਤੇ ਸਮਾਜਿਕ ਨਿਆਂ ਦੀ ਖਿਲਾਫ਼ਵਰਜ਼ੀ ਹੈ ਤੇ ਇਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ.ਸਟਾਲਿਨ ਦੇ ਪੁੱਤਰ ਉਦੈਨਿਧੀ ਨੇ ਕਿਹਾ ਕਿ ਸਨਾਤਨ ਧਰਮ ਕਰੋਨਾਵਾਇਰਸ, ਮਲੇੇਰੀਆ ਅਤੇ ਡੇਂਗੂ ਵਾਇਰਸ ਤੇ ਮੱਛਰਾਂ ਕਰਕੇ ਹੁੰਦੇ ਬੁਖਾਰ ਵਾਂਗ ਹੈ, ਤੇ ਅਜਿਹੀਆਂ ਚੀਜ਼ਾਂ ਦਾ ਵਿਰੋਧ ਨਹੀਂ ਬਲਕਿ ਇਨ੍ਹਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਦੈਨਿਧੀ ਸ਼ਨਿਚਰਵਾਰ ਨੂੰ ਤਾਮਿਲਨਾਡੂ ਪ੍ਰੋਗਰੈਸਿਵ ਰਾਈਟਰਜ਼ ਤੇ ਆਰਟਿਸਟਸ ਐਸੋਸੀਏਸ਼ਨ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਉਦੈਨਿਧੀ ਨੇ ਤਾਮਿਲ ਵਿੱਚ ਆਪਣੇ ਸੰਬੋਧਨ ’ਚ ਸਨਾਤਨ ਧਰਮ ਦਾ ‘ਸਨਾਤਨਮ’ ਵਜੋਂ ਹਵਾਲਾ ਦਿੱਤਾ। ਉਨ੍ਹਾਂ ਪ੍ਰਬੰਧਕਾਂ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ‘ਸਨਾਤਨ ਦਾ ਵਿਰੋਧ’ ਦੀ ਥਾਂ ‘ਸਨਾਤਨ ਦਾ ਖ਼ਾਤਮਾ’ ਥੀਮ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਦਾ ਵਿਰੋਧ ਨਹੀਂ ਬਲਕਿ ਇਨ੍ਹਾਂ ਨੂੰ ਖ਼ਤਮ ਹੀ ਕੀਤਾ ਜਾਂਦਾ ਹੈ। ਉਦੈਨਿਧੀ ਨੇ ਕਿਹਾ, ‘‘ਸਨਾਤਨਮ ਕੀ ਹੈ? ਇਹ ਨਾਮ ਸੰਸਕ੍ਰਿਤ ਵਿਚੋਂ ਆਇਆ ਹੈ। ਸਨਾਤਨ ਬਰਾਬਰੀ ਤੇ ਸਮਾਜਿਕ ਨਿਆਂ ਦੇ ਖਿਲਾਫ਼ ਹੈ। ਸਨਾਤਨ ਦਾ ਕੀ ਮਤਲਬ ਹੈ? ਇਹ ਸਦੀਵੀ ਹੈ ਕਿ ਇਸ ਨੂੰ ਬਦਲਿਆ ਨਹੀਂ ਜਾ ਸਕਦਾ; ਕੋਈ ਵੀ ਇਸ ਬਾਰੇ ਸਵਾਲ ਨਹੀਂ ਕਰ ਸਕਦਾ ਤੇ ਇਸ ਦਾ ਇਹ ਮਤਲਬ ਹੈ।’’ ਉਨ੍ਹਾਂ ਕਿਹਾ ਕਿ ਸਨਾਤਨ ਨੇ ਜਾਤ ਦੇ ਆਧਾਰ ’ਤੇ ਲੋਕਾਂ ਨੂੰ ਵੰਡਿਆ ਹੈ।
ਉਧੈਨਿਧੀ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਤੇ ਡੀਐੱਮਕੇ ਆਗੂ ਐੱਮ.ਕਰੁਣਾਨਿਧੀ ਨੇ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਇਕ ਥਾਂ ’ਤੇ ਵਸਾਇਆ। ਉਧੈਨਿੱਧੀ, ਜਿਨ੍ਹਾਂ ਕੋਲ ਖੇਡ ਮੰਤਰਾਲਾ ਵੀ ਹੈ, ਨੇ ਕਿਹਾ ਕਿ ਸਨਾਤਨ ਨੇ ਮਹਿਲਾਵਾਂ ਨੂੰ ਗੁਲਾਮ ਬਣਾਇਆ ਤੇ ਉਨ੍ਹਾਂ ਨੂੰ ਘਰਾਂ ਦੀ ਚਾਰਦੀਵਾਰੀ ’ਚ ਕੈਦ ਰੱਖਿਆ। ਉਹੀ ਮਹਿਲਾਵਾਂ ਅੱਜ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ ਤੇ ਵਿੱਤੀ ਤੌਰ ’ਤੇ ਸੁਤੰਤਰ ਹਨ। ਉਨ੍ਹਾਂ ਕਿਹਾ, ‘‘ਸਨਾਤਨ ਨੇ ਮਹਿਲਾਵਾਂ ਨਾਲ ਕੀ ਕੀਤਾ? ਉਨ੍ਹਾਂ ਮਹਿਲਾਵਾਂ ਨੂੰ ਆਪਣੇ ਪਤੀ ਦੀ ਚਿਤਾ ਨਾਲ ਸਤੀ ਹੋਣ ਵੱਲ ਧੱਕਿਆ। ਵਿਧਵਾਵਾਂ ਦੇ ਸਿਰ ਮੁੰਨੇ ਤੇ ਉਨ੍ਹਾਂ ਨੂੰ ਸਫ਼ੇਦ ਸਾੜ੍ਹੀਆਂ ਪਾਉਣ ਲਈ ਮਜਬੂਰ ਕੀਤਾ, ਬਾਲ ਵਿਆਹ ਵੀ ਹੋਏ।’’ -ਪੀਟੀਆਈ
‘ਇੰਡੀਆ’ ਗੱਠਜੋੜ ਵਿਚਲੀਆਂ ਪਾਰਟੀਆਂ ਨੇ ‘ਸਨਾਤਨ ਧਰਮ’ ਦਾ ਨਿਰਾਦਰ ਕੀਤਾ: ਸ਼ਾਹ
ਡੁੰਗਰਪੁਰ(ਰਾਜਸਥਾਨ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡੀਐੱਮਕੇ ਆਗੂ ਉਦੈਨਿਧੀ ਸਟਾਲਿਨ ਦੀਆਂ ‘ਸਨਾਤਨ ਧਰਮ’ ਬਾਰੇ ਟਿੱਪਣੀਆਂ ਦੇ ਹਵਾਲੇ ਨਾਲ ਅੱਜ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਵਿੱਚ ਸ਼ਾਮਲ ਪਾਰਟੀਆਂ ’ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਵੋਟ ਬੈਂਕ ਤੇ ਪਤਿਆਉਣ ਦੀ ਸਿਆਸਤ ਲਈ ਹੀ ‘ਸਨਾਤਨ ਧਰਮ’ ਦਾ ਨਿਰਾਦਰ ਕੀਤਾ ਜਾ ਰਿਹੈ। ਰਾਜਸਥਾਨ ਵਿੱਚ ‘ਪਰਿਵਰਤਨ ਰੈਲੀ’ ਦੇ ਆਗਾਜ਼ ਲਈ ਪੁੱਜੇ ਸ਼ਾਹ ਨੇ ਡੁੰਗਰਪੁਰ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਾਮਿਲ ਨਾਡੂ ਦੇ ਮੁੱਖ ਮੰਤਰੀ ਸਣੇ ਡੀਐੱਮਕੇ ਆਗੂ ‘ਸਨਾਤਨ ਧਰਮ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਇਹ ਲੋਕ ਵੋਟ ਬੈਂਕ ਤੇ ਪਤਿਆਉਣ ਦੀ ਸਿਆਸਤ ਕਰਕੇ ‘ਸਨਾਤਨ ਧਰਮ’ ਬਾਰੇ ਬੋਲ ਰਹੇ ਹਨ। ਉਨ੍ਹਾਂ ਸਨਾਤਨ ਧਰਮ ਦਾ ਅਪਮਾਨ ਕੀਤਾ ਹੈ।’’ ਸ਼ਾਹ ਨੇ ਇੰਡੀਆ ਗੱਠਜੋੜ ਨੂੰ ‘ਘਮੰਡੀਆ ਗੱਠਬੰਧਨ’ ਦੱਸਦਿਆਂ ਕਿਹਾ ਕਿ ਇਹ ਵੋਟ ਬੈਂਕ ਦੀ ਸਿਆਸਤ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਪਰ ‘ਸਨਾਤਨ ਧਰਮ’ ਖਿਲਾਫ਼ ਜਿੰਨਾ ਵੱਧ ਇਹ ਲੋਕ ਬੋਲਣਗੇ, ਉਨ੍ਹਾਂ ਇਹ ਘੱਟ ਨਜ਼ਰ ਆਉਣਗੇ।’’ ਉਨ੍ਹਾਂ ਕਿਹਾ, ‘‘ਉਹ ਕਹਿੰਦੇ ਹਨ ਕਿ ਜੇ ਮੋਦੀ ਜਿੱਤ ਗਿਆ, ਸਨਾਤਨ ਰਾਜ ਆ ਜਾਵੇਗਾ। ਸਨਾਤਨ ਦਾ ਲੋਕਾਂ ਦੇ ਦਿਲਾਂ ’ਤੇ ਰਾਜ ਕਰ ਰਿਹੈ। ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਸੰਵਿਧਾਨ ਦੇ ਅਧਾਰ ’ਤੇ ਚਲਾਇਆ ਜਾਵੇਗਾ।’’ -ਪੀਟੀਆਈ