ਕੋਲਕਾਤਾ, 23 ਮਈ
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਈ ਸਰਲਾ ਮੁਰਮੂ ਨੇ ਦੁੁਬਾਰਾ ਟੀਐੱਮਸੀ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਸਰਲਾ ਮੁਰਮੂ, ਜੋ ਕਿ ਚੋਣਾਂ ਲਈ ਟਿਕਟ ਦੇ ਮਾਮਲੇ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਭਾਜਪਾ ਵਿੱਚ ਚਲੀ ਗਈ ਸੀ, ਨੇ ਕਿਹਾ ਉਹ ਵਾਪਸ ਟੀਐੱਮਸੀ ’ਚ ਸ਼ਾਮਲ ਹੋਣਾ ਚਾਹੁੰਦੀ ਹੈ। ਹਾਲੀਆ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਮਿਲੀ ਵੱਡੀ ਸਫਲਤਾ ਮਗਰੋਂ ਇੱਕ ਦਿਨ ਪਹਿਲਾਂ ਹੀ ਪਾਰਟੀ ਮੁਖੀ ਮਮਤਾ ਬੈਨਰਜੀ ਦੀ ਸਾਬਕਾ ਸਾਥੀ ਸੋਨਾਲੀ ਗੁਹਾ ਨੇ ਵੀ ਪਾਰਟੀ ’ਚ ਮੁੜ ਸ਼ਾਮਲ ਦੀ ਇੱਛਾ ਪ੍ਰਗਟਾਈ ਸੀ। ਸਰਲਾ ਮੁਰਮੂ ਨੇ ਦਾਅਵਾ ਕੀਤਾ ਕਿ ਭਾਜਪਾ ’ਚ ਸ਼ਾਮਲ ਹੋਣਾ ਉਸ ਦੀ ਗਲਤੀ ਸੀ ਅਤੇ ਉਹ ਪਾਰਟੀ ਮੁਖੀ ਮਮਤਾ ਬੈਨਰਜੀ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹੈ। ਮੁਰਮੂ ਨੇ ਮਾਲਦਾ ਸਥਿਤ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਕਿਹਾ, ‘ਜੇਕਰ ਉਹ ਮੈਨੂੰ ਪ੍ਰਵਾਨ ਕਰਦੇ ਹਨ, ਮੈਂ ਉਨ੍ਹਾਂ ਦੇ ਨਾਲ ਰਹਾਂਗੀ ਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਾਂਗੀ।’ ਸਰਲਾ ਮੁਰਮੂ ਨੂੰ ਟੀਐੱਮਸੀ ਵੱਲੋੋਂ ਮਾਲਦਾ ’ਚ ਹਬੀਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਸੀ ਪਰ ਪਾਰਟੀ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਉਹ ਮਲਦਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੀ ਸੀ।
ਸਰਲਾ ਨੇ ਕਿਹਾ, ‘ਮੈਂ ਗਲਤੀ ਕੀਤੀ ਸੀ ਅਤੇ ਹੁਣ ਚਾਹੁੰਦੀ ਹਾਂ ਕਿ ਦੀਦੀ (ਮਮਤਾ ਬੈਨਰਜੀ) ਮੈਨੂੰ ਮੁਆਫ਼ ਕਰ ਦੇਣ।’ ਜ਼ਿਕਰਯੋਗ ਹੈ ਕਿ ਸ਼ਨਿਰਚਵਾਰ ਨੂੰ ਸਾਬਕਾ ਟੀਐੱਮਸੀ ਨੇਤਾ ਸੋਨਾਲੀ ਗੁਹਾ ਨੇ ਮਮਤਾ ਬੈਨਰਜੀ ਪੱਤਰ ਲਿਖ ਕੇ ਪਾਰਟੀ ਛੱਡਣ ਲਈ ਮੁਆਫ਼ੀ ਮੰਗਦਿਆਂ ਮੁੜ ਪਾਰਟੀ ’ਚ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ। ਸੋਨਾਲੀ ਨੇ ਆਪਣਾ ਪੱਤਰ ਸੋਸ਼ਲ ਮੀਡੀਆ ’ਤੇ ਵੀ ਸਾਂਝਾ ਕੀਤਾ ਸੀ। -ਪੀਟੀਆਈ