ਮਨਧੀਰ ਸਿੰਘ ਦਿਓਲ/ਟਨਸ
ਨਵੀਂ ਦਿੱਲੀ/ਗੁਹਾਟੀ, 4 ਜੂਨ
ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਜਦੋਂ ਭਾਰਤ 2020 ਵਿੱਚ ਕਰੋਨਾ ਮਹਾਮਾਰੀ ਨਾਲ ਜੂਝ ਰਿਹਾ ਸੀ ਤਾਂ ਅਸਾਮ ਦੇ ਤਤਕਾਲੀ ਸਿਹਤ ਮੰਤਰੀ ਹੇਮੰਤਾ ਬਿਸਵ ਸਰਮਾ ਨੇ ਆਪਣੀ ਪਤਨੀ ਅਤੇ ਬੇਟੇ ਦੇ ਕਾਰੋਬਾਰੀ ਭਾਈਵਾਲਾਂ ਦੀਆਂ ਕੰਪਨੀਆਂ ਨੂੰ ਪੀਪੀਈ ਕਿੱਟਾਂ ਦੀ ਸਪਲਾਈ ਕਰਨ ਦੇ ਠੇਕੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਅਸਾਮ ਸਰਕਾਰ ਨੇ ਹੋਰ ਕੰਪਨੀਆਂ ਤੋਂ 600 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਪੀਪੀਈ ਕਿੱਟਾਂ ਖਰੀਦੀਆਂ ਪਰ ਸਰਮਾ ਨੇ ਆਪਣੀ ਪਤਨੀ ਤੇ ਬੇਟੇ ਦੇ ਵਪਾਰਕ ਭਾਈਵਾਲਾਂ ਦੀਆਂ ਕੰਪਨੀਆਂ ਨੂੰ ਇੱਕ ਪੀਪੀਈ ਕਿੱਟ 900 ਰੁਪਏ ਦੇ ਹਿਸਾਬ ਨਾਲ ਸਪਲਾਈ ਕਰਨ ਦਾ ਠੇਕਾ ਦਿੱਤਾ। ਉਧਰ ਹੇਮੰਤਾ ਬਿਸਵ ਸਰਮਾ ਨੇ ਆਪਣੇ ਪਰਿਵਾਰ ’ਤੇ ਲੱਗ ਰਹੇ ਦੋਸ਼ਾਂ ਸਬੰਧੀ ਸਿਸੋਦੀਆ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ 1500 ਦੇ ਕਰੀਬ ਪੀਪੀਈ ਕਿੱਟਾਂ ਸਰਕਾਰ ਨੂੰ ਮੁਫ਼ਤ ਦਿੱਤੀਆਂ। ਇਸ ਲਈ ਉਸ ਨੇ ਇੱਕ ਪੈਸਾ ਵੀ ਨਹੀਂ ਲਿਆ। -ਪੀਟੀਆਈ