ਦੇਹੂ (ਮਹਾਰਾਸ਼ਟਰ), 14 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਿੰਦੁਤਵ ਵਿਚਾਰਕ ਵੀਰ ਸਾਵਰਕਰ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ ਜੇਲ੍ਹ ਵਿੱਚ ਰਹਿੰਦੇ ਹੋਏ ਸੰਤ ਤੁਕਾਰਾਮ ਦੇ ਅਭੰਗ (ਭਗਵਾਨ ਵਿੱਠਲ ਦੀ ਪ੍ਰਸ਼ੰਸਾ ’ਚ ਸ਼ਰਧਾ ਭਰਪੂਰ ਕਵਿਤਾ) ਗਾਏ ਸਨ।
ਸ੍ਰੀ ਮੋਦੀ ਨੇ ਕਿਹਾ, ‘‘ਜੇਲ੍ਹ ਵਿੱਚ ਰਹਿੰਦੇ ਹੋਏ ਵੀਰ ਸਾਵਰਕਰ ਨੇ ਆਪਣੀਆਂ ਹਥਕੜੀਆਂ ਦਾ ਇਸਤੇਮਾਲ ਸੰਤ ਤੁਕਾਰਾਮ ਦੀ ਚਿਪਲੀ (ਸੰਗੀਤ ਯੰਤਰ) ਵਜੋਂ ਕੀਤਾ ਅਤੇ ਉਨ੍ਹਾਂ ਦੇ ਅਭੰਗ ਗਾਏ ਸਨ।’’ ਉਹ ਪੁਣੇ ਨੇੜੇ ਦੇਹੂ ਵਿੱਚ 17ਵੀਂ ਸਦੀ ਦੇ ਸੰਤ ਨੂੰ ਸਮਰਪਿਤ ਸੰਤ ਤੁਕਾਰਾਮ ਮਹਾਰਾਜ ਮੰਦਿਰ ਵਿੱਚ ਇਕ ਸ਼ਿਲਾ ਮੰਦਿਰ ਦਾ ਉਦਘਾਟਨ ਕਰਨ ਤੋਂ ਬਾਅਦ ਵਾਰਕਰੀਆਂ (ਪੰਢਰਪੁਰ ਵਿੱਚ ਭਗਵਾਨ ਵਿੱਠਲ ਮੰਦਿਰ ਦੀ ਤੀਰਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ) ਦੀ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾ ਇਹ ਦੌਰਾ ਦੇਹੂ ਵਿੱਚ 20 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ‘ਵਾਰੀ’ ਤੀਰਥਯਾਤਰਾ ਤੋਂ ਪਹਿਲਾਂ ਹੋਇਆ। ਇਸ ਮੌਕੇ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੁਕਾਰਾਮ ਪਗੜੀ ਵੀ ਭੇਟ ਕੀਤੀ ਗਈ। ਭਗਤੀ ਅੰਦੋਲਨ ਦੇ ਵੱਕਾਰੀ ਸੰਤ ਤੁਕਾਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਵਰਗੇ ‘ਰਾਸ਼ਟਰ ਨਾਇਕ’ ਦੇ ਜੀਵਨ ਵਿੱਚ ਇਕ ਅਹਿਮ ਭੂਮਿਕਾ ਨਿਭਾਈ। ਖ਼ਾਸ ਤਰ੍ਹਾਂ ਦੇ ਰਾਜਸਥਾਨੀ ਪੱਥਰ ਤੋਂ ਬਣਿਆ ਸ਼ਿਲਾ ਮੰਦਿਰ ਪੱਥਰ ਦੀ ਇਕ ਸਲੈਬ ਨੂੰ ਸਮਰਪਿਤ ਮੰਦਿਰ ਹੈ, ਜਿਸ ’ਤੇ ਸੰਤ ਤੁਕਾਰਾਮ ਨੇ 13 ਦਿਨਾਂ ਤੱਕ ਧਿਆਨ ਲਗਾਇਆ ਸੀ। -ਪੀਟੀਆਈ
ਮੋਦੀ ਵੱਲੋਂ ਰਾਜ ਭਵਨ ਵਿੱਚ ‘ਗੈਲਰੀ ਆਫ ਰੈਵੋਲਿਊਸ਼ਨਰੀਜ਼’ ਦਾ ਉਦਘਾਟਨ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਭਵਨ ਵਿੱਚ ‘ਗੈਲਰੀ ਆਫ ਰੈਵੋਲਿਊਸ਼ਨਰੀਜ਼’ ਦਾ ਉਦਘਾਟਨ ਕੀਤਾ। ਇਸੇ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਵੀ ਹਾਜ਼ਰ ਸਨ। ਦੋਵਾਂ ਆਗੂਆਂ ਨੇ ਚਾਰ ਮਹੀਨੇ ਤੋਂ ਵੱਧ ਸਮੇਂ ਬਾਅਦ ਮੰਚ ਸਾਂਝਾ ਕੀਤਾ। ਇਹ ਅਜਾਇਬ ਘਰ ਕ੍ਰਾਂਤੀਕਾਰੀਆਂ ਨੂੰ ਸਮਰਪਿਤ ਹੈ ਜਿਸ ਵਿੱਚ ਵਿਸ਼ਵ ਯੁੱਧ-1 ਤੋਂ ਪਹਿਲਾਂ ਦੇ 13 ਬੰਕਰਾਂ ਦੀਆਂ ਤਸਵੀਰਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਗੈਲਰੀ ਵਿੱਚ ਆਜ਼ਾਦੀ ਘੁਲਾਟੀਆਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਇਨਕਲਾਬੀ ਪੇਂਟਿੰਗਾਂ ਅਤੇ ਵਿਲੱਖਣ ਤਸਵੀਰਾਂ ਨੂੰ ਦਿਖਾਇਆ ਗਿਆ ਹੈ। -ਪੀਟੀਆਈ