ਮੁੰਬਈ, 8 ਜੁਲਾਈ
ਭਾਰਤੀ ਸਟੇਟ ਬੈਂਕ ਨੇ ਘੱਟ ਮਿਆਦ ਦੇ ਕਰਜ਼ੇ ’ਤੇ ਫੰਡ ਦੀ ਸੀਮਾਂਤ ਲਾਗਤ ’ਤੇ ਆਧਾਰਿਤ ਵਿਆਜ ਦਰ (ਐੱਮਸੀਐੱਲਆਰ) ’ਚ 0.05 ਤੋਂ ਲੈ ਕੇ 0.10 ਫ਼ੀਸਦ ਤੱਕ ਕਟੌਤੀ ਕੀਤੀ ਹੈ। ਇਹ ਕਟੌਤੀ 10 ਜੁਲਾਈ ਤੋਂ ਲਾਗੂ ਹੋਵੇਗੀ। ਐੱਸਬੀਆਈ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਐੱਮਸੀਐੱਲਆਰ ’ਚ ਇਹ ਕਟੌਤੀ ਤਿੰਨ ਮਹੀਨਿਆਂ ਤੱਕ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਲਾਗੂ ਹੋਵੇਗੀ। ਐੱਮਸੀਐੱਲਆਰ ’ਚ ਕੀਤੀ ਗਈ ਇਸ ਕਟੌਤੀ ਨਾਲ ਤਿੰਨ ਮਹੀਨਿਆਂ ਤੱਕ ਦੇ ਕਰਜ਼ੇ ’ਤੇ ਵਿਆਜ ਦਰ ਘੱਟ ਕੇ 6.65 ਫ਼ੀਸਦ ਸਾਲਾਨਾ ਰਹਿ ਜਾਵੇਗੀ। ਭਾਰਤੀ ਸਟੇਟ ਬੈਂਕ ਨੇ ਐੱਮਸੀਐੱਲਆਰ ਦਰ ’ਚ ਲਗਾਤਾਰ 14ਵੀਂ ਵਾਰ ਕਟੌਤੀ ਕੀਤੀ ਹੈ।