ਕੋਲਕਾਤਾ/ਨਵੀਂ ਦਿੱਲੀ, 19 ਸਤੰਬਰ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਕੂਲ ਸੇਵਾ ਭਰਤੀ ਕਮਿਸ਼ਨ (ਐੱਸਐੱਸਸੀ) ਭਰਤੀ ਘੁਟਾਲੇ ’ਚ ਪੱਛਮੀ ਬੰਗਾਲ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਤੇ ਉਸ ਦੀ ਕਥਿਤ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਖ਼ਿਲਾਫ਼ ਵਿਸ਼ੇਸ਼ ਪੀਐੱਮਐੱਲਏ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਦੋਸ਼ ਪੱਤਰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ 58ਵੇਂ ਦਿਨ ਦਾਇਰ ਕੀਤਾ ਗਿਆ ਹੈ। ਈਡੀ ਨੇ 23 ਜੁਲਾਈ ਨੂੰ ਚੈਟਰਜੀ ਤੇ ਮੁਖਰਜੀ ਨੂੰ ਇਸ ਭਰਤੀ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਈਡੀ ਨੇ ਹੁਣ ਤੱਕ ਮੁਖਰਜੀ ਤੇ ਚੈਟਰਜੀ ਦੀ 48 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਹੈ।
ਈਡੀ ਦੇ ਵਕੀਲ ਅਭਿਜੀਤ ਭਦਰ ਨੇ ਕਿਹਾ ਕਿ ਚੈਟਰਜੀ ਤੇ ਮੁਖਰਜੀ ਅਤੇ ਛੇ ਕੰਪਨੀਆਂ ਖ਼ਿਲਾਫ਼ 172 ਸਫ਼ਿਆਂ ਦਾ ਦੋਸ਼ ਪੱਤਰ ਇੱਥੇ ਬੈਂਕਸ਼ਾਲ ਅਦਾਲਤੀ ਕੰਪਲੈਕਸ ’ਚ ਸਥਿਤ ਪੀਐੱਮਐੱਲਏ ਅਦਾਲਤ ’ਚ ਦਾਇਰ ਕੀਤਾ ਗਿਆ ਹੈ। ਦੋਸ਼ ਪੱਤਰ ਅਨੁਸਾਰ ਇਸ ਮਾਮਲੇ ’ਚ 43 ਗਵਾਹ ਹਨ। ਭਦਰ ਨੇ ਕਿਹਾ ਕਿ ਦੋਸ਼ ਪੱਤਰ ਦੇ ਨਾਲ 1,46,043 ਸਫ਼ਿਆਂ ਦੇ ਦਸਤਾਵੇਜ਼ ਨੱਥੀ ਹਨ।
ਦੂਜੇ ਪਾਸੇ ਏਜੰਸੀ ਨੇ ਦੱਸਿਆ ਕਿ ਉਸ ਨੇ ਇਸ ਘੁਟਾਲੇ ਦੇ ਸਬੰਧ ’ਚ ਪਾਰਥ ਚੈਟਰਜੀ ਤੇ ਅਰਪਿਤਾ ਮੁਖਰਜੀ ਦੀ 48 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਏਜੰਸੀ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ’ਚ ਇੱਕ ਫਾਰਮ ਹਾਊਸ, ਕਈ ਫਲੈਟ ਤੇ ਕੋਲਕਾਤਾ ’ਚ 40.33 ਕਰੋੜ ਰੁਪਏ ਦੀ ਜ਼ਮੀਨ ਸਮੇਤ 40 ਅਚਲ ਜਾਇਦਾਦਾਂ ਸ਼ਾਮਲ ਹਨ। ਇਸ ਤੋਂ ਇਲਾਵਾ 35 ਬੈਂਕ ਖਾਤਿਆਂ ’ਚ ਜਮ੍ਹਾਂ 7.89 ਕਰੋੜ ਰੁਪਏ ਵੀ ਜ਼ਬਤ ਕੀਤੇ ਗਏ ਹਨ। -ਪੀਟੀਆਈ
ਸੀਬੀਆਈ ਵੱਲੋਂ ਉੱਤਰੀ ਬੰਗਾਲ ਯੂਨੀਵਰਸਿਟੀ ਦਾ ਵੀਸੀ ਗ੍ਰਿਫ਼ਤਾਰ
ਨਵੀਂ ਦਿੱਲੀ: ਪੱਛਮੀ ਬੰਗਾਲ ’ਚ 2016 ਦੇ ਸਹਾਇਕ ਅਧਿਆਪਕ ਭਰਤੀ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਸੀਬੀਆਈ ਨੇ ਅੱਜ ਉੱਤਰੀ ਬੰਗਾਲ ਯੂਨੀਵਰਸਿਟੀ (ਐੱਨਬੀਯੂ) ਦੇ ਵਾਈਸ ਚਾਂਸਲਰ ਸੁਬੀਰੇਸ਼ ਭੱਟਾਚਾਰੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਕੇਂਦਰੀ ਸਕੂਲ ਸੇਵਾ ਕਮਿਸ਼ਨ ਦੇ ਸਾਬਕਾ ਪ੍ਰਧਾਨ ਭੱਟਾਚਾਰੀਆ ਨੂੰ ਕੋਲਕਾਤਾ ’ਚ ਸੀਬੀਆਈ ਦਫ਼ਤਰ ’ਚ ਪੁੱਛ-ਪੜਤਾਲ ਲਈ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੁੱਛ-ਪੜਤਾਲ ’ਚ ਸਹਿਯੋਗ ਨਾ ਕਰਨ ਕਾਰਨ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ