ਨਵੀਂ ਦਿੱਲੀ, 16 ਜਨਵਰੀ
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਆਨਲਾਈਨ ਲਈਆਂ ਜਾ ਰਹੀਆਂ ਕਲਾਸਾਂ ਲਈ ਸਮਾਂ ਸੀਮਾਂ ਤੈਅ ਕਰਨ ਨਾਲ ਨਿੱਜੀ ਸਕੂਲਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੂੰ ਸਕਰੀਨ ਦੇ ਸਾਹਮਣੇ ਚੰਗੇ ਤੇ ਬੁਰੇ ਸਮੇਂ ਵਿਚਾਲੇ ਤਾਲਮੇਲ ਬਣਾਉਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਸੀਨੀਅਰ ਕਲਾਸਾਂ ਲਈ ਸਿਲੇਬਸ ਦੀਆਂ ਫਿਕਰਾਂ ਨੂੰ ਦੂਰ ਕਰਨ ’ਚ ਜੁਟੇ ਹੋਏ ਹਨ। ਮੰਤਰਾਲੇ ਵੱਲੋਂ ਇਹ ਦਿਸ਼ਾ ਨਿਰਦੇਸ਼ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਜਾਰੀ ਕੀਤੇ ਗਏ ਹਨ। ਸ਼ਾਲੀਮਾਰ ਬਾਗ ਸਥਿਤ ਮਾਡਰਨ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਲਕਾ ਕਪੂਰ ਨੇ ਕਿਹਾ, ‘ਆਨਲਾਈਨ ਕਲਾਸਾਂ ਦੌਰਾਨ ਸਕਰੀਨ ਦੇ ਸਾਹਮਣੇ ਵਿਦਿਆਰਥੀਆਂ ਦੇ ਬੈਠਣ ਦੇ ਸਮੇਂ ’ਚ ਕਟੌਤੀ ਪ੍ਰਾਇਮਰੀ ਕਲਾਸਾਂ ਲਈ ਠੀਕ ਹੈ ਪਰ ਸੀਨੀਅਰ ਕਲਾਸਾਂ ਦੇ ਮਾਮਲੇ ’ਚ ਇਸ ਨਾਲ ਸਮੱਸਿਆ ਖੜ੍ਹੀ ਹੋ ਸਕਦੀ ਹੈ। ਸੀਨੀਅਰ ਤੇ ਮਿਡਲ ਕਲਾਸਾਂ ’ਚ ਵਧੇਰੇ ਵਿਸ਼ੇ ਵਿਸਥਾਰਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਡੂੰਘਾਈ ਨਾਲ ਸਮਝ ਕੇ ਇਨ੍ਹਾਂ ਦੀ ਵਿਆਖਿਆ ਕਰਨੀ ਪੈਂਦੀ ਹੈ। ਇਸ ਲਈ ਮੰਤਰਾਲੇ ਨੇ ਜੋ ਸਕਰੀਨ ਦਾ ਸਮਾਂ ਦਿੱਤਾ ਹੈ ਉਹ ਠੀਕ ਨਹੀਂ ਹੈ। ਅਜਿਹੇ ਹਾਲਾਤ ’ਚ ਵਿਦਿਆਰਥੀਆਂ ਤੇ ਅਧਿਆਪਕਾਂ ਦੋਵਾਂ ਲਈ ਸਮੱਸਿਆ ਬਣ ਜਾਵੇਗੀ।’ ਹੈਰੀਟੇਜ ਸਕੂਲ ਦੇ ਸਹਿ-ਸੰਸਥਾਪਕ ਮਾਲਿਤ ਜੈਨ ਨੇ ਕਿਹਾ, ‘ਜ਼ਿਆਦਾਤਰ ਹਦਾਇਤਾਂ ਮਹੱਤਵਪੂਰਨ ਹਨ ਪਰ ਸਕਰੀਨ ਦੇ ਸਾਹਮਣੇ ਚੰਗੇ ਤੇ ਮਾੜੇ ਸਮੇਂ ਵਿਚਾਲੇ ਅੰਤਰ ਸਪੱਸ਼ਟ ਹੋਣਾ ਚਾਹੀਦਾ ਹੈ। ਪੜ੍ਹਾਈ ਦੀ ਲਗਾਤਾਰਤਾ ’ਤੇ ਪੈਣ ਵਾਲੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤੇ ਬਿਨਾਂ ਸਮੇਂ ’ਤੇ ਪਾਬੰਦੀ ਲਾਉਣ ਨਾਲ ਵਿਦਿਆਰਥੀਆਂ ਦੇ ਵਿਕਾਸ ’ਤੇ ਮਾੜਾ ਪ੍ਰਭਾਵ ਪਵੇਗਾ।