ਨਵੀਂ ਦਿੱਲੀ: ਦੇਸ਼ ਦੇ ਵਿਗਿਆਨੀ ਕਰੋਨਾ ਵੈਕਸੀਨ ਐਸਟਰਾਜ਼ੈਨੇਕਾ ਅਤੇ ਭਾਰਤ ਵਿੱਚ ਹੀ ਤਿਆਰ ਕੀਤੀ ਕੋਵੈਕਸਿਨ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਅਗਲੇ ਹਫ਼ਤੇ ਤੋਂ ਕੰਮ ਸ਼ੁਰੂ ਕਰਨਗੇ। ਇਸ ਸਬੰਧ ਵਿੱਚ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ 45 ਸਾਲ ਉਮਰ ਤੋਂ ਵਡੇਰੇ 3000-5000 ਲੋਕਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਜਾਵੇਗਾ। ਇਨ੍ਹਾਂ ਵਿੱਚੋਂ 80 ਫੀਸਦ ਲੋਕਾਂ ਨੂੰ ਐਸਟਰਾਜ਼ੈਨੇਕਾ ਦਾ ਡੋਜ਼ ਦਿੱਤਾ ਜਾਵੇਗਾ। ਐਸਟਰਾਜ਼ੈਨੇਕਾ ਵੈਕਸਿਨ ਭਾਰਤ ਵਿੱਚ ਹੀ ਸਿਰਮ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕੋਵੀਸ਼ੀਲਡ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਦੇ 20 ਫੀਸਦ ਲੋਕਾਂ ਨੂੰ ਕੋਵੈਕਸਿਨ ਦਾ ਡੋਜ਼ ਦਿੱਤਾ ਜਾਵੇਗਾ। ਕੋਵੈਕਿਸਨ ਵੀ ਦੇਸ਼ ਵਿੱਚ ਹੀ ਭਾਰਤ ਬਾਇਓਟੈੱਕ ਅਤੇ ਆਈਸੀਐੱਮਆਰ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਦਵਾਈ ਹੈ। ਨੈਸ਼ਨਲ ਇਸਟੀਚਿਊਟ ਆਫ ਐਪੀਡੀਮੋਲੋਜੀ ਦੇ ਅਧਿਕਾਰੀ ਤਰੁਣ ਭਟਨਾਗਰ ਨੇ ਚੇਨੱਈ ਵਿੱਚ ਫੋਨ ਰਾਹੀਂ ਦਿੱਤੀ ਇੰਟਰਵਿਊ ਦੌਰਾਨ ਦੱਸਿਆ ਕਿ ਦੋਹਾਂ ਦਵਾਈਆਂ ਦੇ ਕਰੋਨਾ ਦੀ ਰੋਕਥਾਮ ਵਿੱਚ ਕਾਰਗਰ ਸਿੱਧ ਹੋਣ ਬਾਰੇ ਪੜਤਾਲ ਕੀਤੀ ਜਾਵੇਗੀ ਜੋ ਕਿ ਜਾਂਚ ਦਾ ਮੁੱਖ ਵਿਸ਼ਾ ਹੋਵੇਗਾ। -ਰਾਇਟਰਜ਼