ਨਵੀਂ ਦਿੱਲੀ, 9 ਮਈ
ਹਵਾਈ ਕੰਪਨੀ ਇੰਡੀਗੋ ਵੱਲੋਂ ਰਾਂਚੀ ਹਵਾਈ ਅੱਡੇ ’ਤੇ ਇਕ ਵਿਸ਼ੇਸ਼ ਲੋੜਾਂ ਵਾਲੇ ਲੜਕੇ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕਣ ਦੀ ਘਟਨਾ ਦੇ ਇਕ ਦਿਨ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਅੱਜ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਵਿਅਕਤੀ ਨੂੰ ਅਜਿਹੀ ਸਥਿਤੀ ’ਚੋਂ ਲੰਘਣਾ ਨਾ ਪਵੇ। ਸਿੰਧੀਆ ਨੇ ਕਿਹਾ ਕਿ ਉਹ ਖ਼ੁਦ ਘਟਨਾ ਦੀ ਜਾਂਚ ਕਰ ਰਹੇ ਹਨ। ਇਸੇ ਦੌਰਾਨ ਡਾਇਰੈਕਟੋਰੇਟ ਜਨਰਲ ਸ਼ਹਿਰੀ ਹਵਾਬਾਜ਼ੀ ਨੇ ਤਿੰਨ ਮੈਂਬਰੀ ਤੱਥ ਖੋਜ ਕਮੇਟੀ ਬਣਾਉਣ ਦਾ ਐਲਾਨ ਕੀਤਾ। ਸ਼ਨਿਚਰਵਾਰ ਨੂੰ ਇਕ ਵਿਸ਼ੇਸ਼ ਲੋੜਾਂ ਵਾਲੇ ਲੜਕੇ ਨੂੰ ਰਾਂਚੀ ਤੋਂ ਹੈਦਰਾਬਾਦ ਜਾ ਰਹੇ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ’ਤੇ ਉਸ ਦੇ ਮਾਪਿਆਂ ਨੇ ਵੀ ਜਹਾਜ਼ ਵਿੱਚ ਸਵਾਰ ਨਾ ਹੋਣ ਦਾ ਫ਼ੈਸਲਾ ਲਿਆ ਸੀ। ਹੋਰ ਯਾਤਰੀਆਂ ਵੱਲੋਂ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਸ ਘਟਨਾ ਨੂੰ ਲੈ ਕੇ ਪੋਸਟਾਂ ਪਾਏ ਜਾਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ। ਹਵਾਈ ਕੰਪਨੀ ਦੇ ਸੀਈਓ ਰੌਂਜੋਏ ਦੱਤਾ ਨੇ ਵੀ ਅੱਜ ਘਟਨਾ ’ਤੇ ਅਫ਼ਸੋਸ ਜ਼ਾਹਿਰ ਕੀਤਾ। ਅੱਜ ਜਾਰੀ ਇਕ ਬਿਆਨ ਵਿੱਚ ਦੱਤਾ ਨੇ ਕਿਹਾ, ‘‘ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਤੋਂ ਬਾਅਦ ਸਾਡਾ ਇਕ ਸੰਸਥਾ ਵਜੋਂ ਮੰਨਣਾ ਹੈ ਕਿ ਅਸੀਂ ਮੁਸ਼ਕਿਲ ਹਾਲਾਤ ਵਿੱਚ ਸਭ ਤੋਂ ਵਧੀਆ ਫ਼ੈਸਲਾ ਲਿਆ।’’ -ਪੀਟੀਆਈ
ਕੌਮੀ ਬਾਲ ਅਧਿਕਾਰ ਕਮਿਸ਼ਨ ਵੱਲੋਂ ਇੰਡੀਗੋ ਖ਼ਿਲਾਫ਼ ਕੇਸ ਦਰਜ ਕਰਨ ਦੇ ਆਦੇਸ਼
ਨਵੀਂ ਦਿੱਲੀ: ਚੋਟੀ ਦੀ ਬਾਲ ਅਧਿਕਾਰੀ ਸੰਸਥਾ ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨਸੀਪੀਸੀਆਰ) ਦੇ ਚੇਅਰਪਰਸਨ ਪ੍ਰਿਯਾਂਕ ਕਾਨੂੰਨਗੋ ਨੇ ਅੱਜ ਝਾਰਖੰਡ ਪੁਲੀਸ ਨੂੰ ਵਿਸ਼ੇਸ਼ ਲੋੜਾਂ ਵਾਲੇ ਲੜਕੇ ਨੂੰ ਰਾਂਚੀ ਹਵਾਈ ਅੱਡੇ ’ਤੇ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕਣ ਦੇ ਮਾਮਲੇ ਵਿੱਚ ਇੰਡੀਗੋ ਖ਼ਿਲਾਫ਼ ਇਕ ਐੱਫਆਈਆਰ ਦਰਜ ਕਰਨ ਲਈ ਕਿਹਾ ਹੈ। ਉਨ੍ਹਾਂ ਡੀਜੀਸੀਏ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਏਅਰਲਾਈਨ ਤੇ ਉਸ ਦੇ ਪ੍ਰਬੰਧਕ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰਨ ਨੂੰ ਵੀ ਕਿਹਾ। -ਪੀਟੀਆਈ