ਨਵੀਂ ਦਿੱਲੀ, 2 ਨਵੰਬਰ
ਦਿ ਐਡੀਟਰਜ਼ ਗਿਲਡ ਆਫ ਇੰਡੀਆ ਨੇ ਅੱਜ ਕਿਹਾ ਕਿ ਦਿੱਲੀ ਪੁਲੀਸ ਨੇ ਜਿਸ ਤਰ੍ਹਾਂ ‘ਦਿ ਵਾਇਰ’ ਦੇ ਸੰਪਾਦਕਾਂ ਦੇ ਘਰਾਂ ਅਤੇ ਦਫਤਰਾਂ ਦੀ ਤਲਾਸ਼ੀ ਲਈ ਉਸ ਤੋਂ ਉਹ ‘ਬਹੁਤ ਪ੍ਰੇਸ਼ਾਨ’ ਹੈ। ਇੱਥੇ ਇੱਕ ਬਿਆਨ ਵਿੱਚ ਗਿਲਡ ਨੇ ਕਿਹਾ, ‘‘ਪੁਲੀਸ ਨੇ ਜਿਸ ਜਲਦਬਾਜ਼ੀ ਨਾਲ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਲਈ, ਉਸ ਨੇ ਵਧੀਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੱਤਰਕਾਰਾਂ ਖ਼ਿਲਾਫ਼ ਇਹ ਕਾਰਵਾਈ ਅਣਉਚਿਤ ਹੈ।’’ ਗਿਲਡ ਨੇ ਦਿੱਲੀ ਪੁਲੀਸ ਨੂੰ ਇਸ ਮਾਮਲੇ ਸਬੰਧੀ ਦਾਇਰ ਸਾਰੀਆਂ ਸ਼ਿਕਾਇਤਾਂ ਦੀ ਨਿਰਪੱਖਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਅਤੇ ਜਮਹੂਰੀ ਸਿਧਾਂਤਾਂ ਦਾ ਘਾਣ ਕਰਦੇ ਡਰਾਉਣ-ਧਮਕਾਉਣ ਵਾਲੇ ਤਰੀਕੇ ਨਾ ਅਪਣਾਉਣ ਲਈ ਕਿਹਾ। ਦਿੱਲੀ ਪੁਲੀਸ ਮੁਤਾਬਕ ਉਸ ਨੇ ਭਾਜਪਾ ਦੇ ਅਮਿਤ ਮਾਲਵੀਆ ਵੱਲੋਂ ‘ਦਿ ਵਾਇਰ’ ਵਿਰੁੱਧ ਦਾਇਰ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਗਿਲਡ ਨੇ ਕਿਹਾ ਕਿ ‘ਦਿ ਵਾਇਰ’ ਵੱਲੋਂ ਪ੍ਰਕਾਸ਼ਿਤ ਇੱਕ ਬਿਆਨ ਅਨੁਸਾਰ ਪੁਲੀਸ ਮੁਲਾਜ਼ਮਾਂ ਨੇ ਪੱਤਰਕਾਰਾਂ ਦੇ ਘਰਾਂ ਅਤੇ ਦਫਤਰਾਂ ਤੋਂ ਮੋਬਾਈਲ ਫੋਨ, ਕੰਪਿਊਟਰ ਅਤੇ ਆਈਪੈਡ ਜ਼ਬਤ ਕੀਤੇ ਅਤੇ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਡਿਜੀਟਲ ਉਪਕਰਨਾਂ ਤੋਂ ਜਾਣਕਾਰੀ ਤੇ ਡੇਟਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ, “ਇਹ ਜਾਂਚ ਦੀ ਪ੍ਰਕਿਰਿਆ ਅਤੇ ਨਿਯਮਾਂ ਦੀ ਉਲੰਘਣਾ ਹੈ। ਸੰਪਾਦਕਾਂ ਅਤੇ ਪੱਤਰਕਾਰਾਂ ਦੇ ਡਿਜੀਟਲ ਉਪਕਰਨਾਂ ਵਿੱਚ ਉਨ੍ਹਾਂ ਦੇ ਪੱਤਰਕਾਰੀ ਸਰੋਤਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਤੇ ਉਨ੍ਹਾਂ ਖ਼ਬਰਾਂ ਨਾਲ ਸਬੰਧਤ ਸਮੱਗਰੀ ਹੋਵੇਗੀ, ਜਿਨ੍ਹਾਂ ’ਤੇ ਉਹ ਕੰਮ ਕਰ ਰਹੇ ਹੋਣਗੇ। ਇਸ ਤਰ੍ਹਾਂ ਸਾਮਾਨ ਜ਼ਬਤ ਕਰਨ ਨਾਲ ਉਨ੍ਹਾਂ ਦੇ ਭੇਤ ਖਤਰੇ ਵਿੱਚ ਪੈ ਸਕਦੇ ਹਨ।’’ -ਪੀਟੀਆਈ